ਕਿਸਾਨ ਦਿੱਲੀ ਧਰਨਿਆਂ ਦੌਰਾਨ ਹੀ ਮਨਾਉਣਗੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ

0
4699

ਦਿੱਲੀ | ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ ਅਤੇ ਹੁਣ ਇਹ ਲੜਾਈ ਦਿੱਲੀ ਦੇ ਨੇੜੇ ਆ ਗਈ ਹੈ । ਕਿਸਾਨ ਪਿਛਲੇ 4 ਦਿਨਾਂ ਤੋਂ ਦਿੱਲੀ ਸਰਹੱਦ ‘ਤੇ ਡਟੇ ਹੋਏ ਹਨ । ਇਸ ਵਾਰ ਕਿਸਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਇਸ ਧਰਨੇ ਪ੍ਰਦਰਸ਼ਨ ਵਿੱਚ ਹੀ ਮਨਾਉਣਗੇ । 

ਪ੍ਰਕਾਸ਼ ਪੁਰਬ ਮੌਕੇ ਵੀਕਿਸਾਨਾਂ ਵੱਲੋਂ ਸੂਬੇ ਵਿੱਚ ਟੋਲ-ਪਲਾਜ਼ਿਆਂ, ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਅਤੇ ਕਰੀਬ 50 ਥਾਵਾਂ ’ਤੇ ਧਰਨੇ ਜਾਰੀ ਰੱਖੇ ਗਏ ਹਨ । ਦਰਅਸਲ, ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਸਾਂਝੇ ਕਿਸਾਨ ਮੋਰਚਿਆਂ ਵਿੱਚ ਸ਼ਾਮਿਲ ਕਿਸਾਨਾਂ ਦੀਆਂ ਨਜ਼ਰਾਂ ਦਿੱਲੀ ਮੋਰਚੇ ’ਤੇ ਟਿਕੀਆਂ ਹੋਈਆਂ ਹਨ। ਸੂਬੇ ਵਿੱਚ ਧਰਨੇ ‘ਤੇ ਬੈਠੇ ਕਿਸਾਨ ਦਿੱਲੀ ਮੋਰਚੇ ਨੂੰ ਸਫ਼ਲ ਬਣਾਉਣ ਲਈ ਯੋਜਨਾ ਬਣਾ ਰਹੇ ਹਨ । ਦਿੱਲੀ ਵਿੱਚ ਆਪਣੇ ਧਰਨੇ ਨੂੰ ਸਫਲ ਬਣਾਉਣ ਲਈ ਪੰਜਾਬ ਤੋਂ ਹੋਰ ਕਿਸਾਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਬੀਤੇ ਦਿਨ ਕਿਸਾਨ ਅੰਦੋਲਨ ਵਿਚਾਲੇ ਪੀਐੱਮ ਮੋਦੀ ਨੇ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਜਿਸ ਤੋਂ ਬਾਅਦ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ। ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਆਪਣੀ ਸੁਣਾਉਣਾ ਬੰਦ ਕਰਨ ਅਤੇ ਦਿੱਲੀ ਬੈਠੇ ਕਿਸਾਨਾਂ ਦੀ ਗੱਲ ਸੁਣਨ ।

ਜ਼ਿਕਰਯੋਗ ਹੈ ਕਿ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਅੰਦੋਲਨ ਕਰ ਰਹੇ ਹਨ । ਐਤਵਾਰ ਦਾ ਦਿਨ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵਿਅਸਤ ਦਿਨ ਸੀ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਭਾਜਪਾ ਪ੍ਰਧਾਨ ਜੇ ਪੀ ਨੱਡਾ ਦੀ ਰਿਹਾਇਸ਼ ‘ਤੇ ਇੱਕ ਉੱਚ ਪੱਧਰੀ ਮੀਟਿੰਗ ਵੀ ਬੁਲਾਈ ਗਈ, ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸ਼ਾਮਿਲ ਹੋਏ। ਇਹ ਬੈਠਕ ਤਕਰੀਬਨ 2 ਘੰਟੇ ਤੱਕ ਚੱਲੀ ।