Farmers Protest : ਹਰਿਆਣਾ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ! ਅੱਜ 10,000 ਕਿਸਾਨ ਇਕੱਠੇ ਹੋ ਕੇ ਕਰਨਗੇ ਅਗਲੀ ਰਣਨੀਤੀ ਦਾ ਐਲਾਨ

0
630

ਕਰਨਾਲ | ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਘਰੌਂਡਾ ਕਸਬੇ ਵਿੱਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ। ਇਸ ਦੀ ਅਗਵਾਈ ਕਿਸਾਨ ਲੀਡਰ ਗੁਰਨਾਮ ਸਿੰਘ ਚੜ੍ਹੂਨੀ ਕਰਨਗੇ।

ਸੰਯੁਕਤ ਕਿਸਾਨ ਮੋਰਚੇ ਦੇ ਅਹੁਦੇਦਾਰ ਇਸ ਮਹਾਪੰਚਾਇਤ ਵਿੱਚ ਵਿਸ਼ੇਸ਼ ਤੌਰ ’ਤੇ ਹਿੱਸਾ ਲੈਣਗੇ। ਰਾਜ ਦੀਆਂ 17 ਕਿਸਾਨ ਜਥੇਬੰਦੀਆਂ ਵੀ ਮਹਾਪੰਚਾਇਤ ਵਿੱਚ ਪਹੁੰਚਣਗੀਆਂ ਤੇ ਆਪਣੇ ਵਿਚਾਰ ਪੇਸ਼ ਕਰਨਗੀਆਂ।

28 ਅਗਸਤ ਨੂੰ ਮਹਾਪੰਚਾਇਤ ਵਿੱਚ ਬਸਤਾੜਾ ਟੋਲ ਪਲਾਜ਼ਾ ‘ਤੇ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦਾ ਵਿਰੋਧ ਕਰਨ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਕਿਸਾਨ ਸਾਰੀ ਰਾਤ ਮਹਾਪੰਚਾਇਤ ਦੀ ਤਿਆਰੀ ਵਿੱਚ ਰੁੱਝੇ ਰਹੇ। ਕਿਸਾਨਾਂ ਦੀ ਆਮਦ, ਵਾਹਨਾਂ ਦੀ ਪਾਰਕਿੰਗ, ਪੀਣ ਵਾਲੇ ਪਾਣੀ, ਅਨਾਜ ਮੰਡੀ ਵਿੱਚ ਖਾਣ-ਪੀਣ ਦੇ ਬੈਠਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਪੂਰੇ ਸੂਬੇ ਤੋਂ 10 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ।

ਲੰਘੀ 28 ਅਗਸਤ ਨੂੰ ਕਰਨਾਲ ਸ਼ਹਿਰ ਵਿੱਚ ਪੰਚਾਇਤੀ ਚੋਣਾਂ ਸਬੰਧੀ ਭਾਜਪਾ ਦੀ ਜਥੇਬੰਦਕ ਮੀਟਿੰਗ ਕੀਤੀ ਗਈ ਸੀ। ਇਸ ਦੌਰਾਨ ਕਿਸੇ ਵੀ ਤਰੀਕੇ ਨਾਲ ਸ਼ਹਿਰ ਵਿੱਚ ਦਾਖਲ ਹੋਣ ‘ਤੇ ਪਾਬੰਦੀ ਸੀ। ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਨ ਦੀ ਤਿਆਰੀ ਕੀਤੀ ਸੀ। ਇਸ ਲਈ ਉਹ ਸ਼ਹਿਰ ਆਉਣਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ।

ਅਜਿਹੀ ਸਥਿਤੀ ਵਿੱਚ ਕਿਸਾਨਾਂ ਨੇ ਟੋਲ ਤੋਂ ਹੀ ਭਾਜਪਾ ਦੇ ਸੂਬਾ ਪ੍ਰਧਾਨ ਓਪੀ ਧਨਖੜ ਨੂੰ ਕਾਲੇ ਝੰਡੇ ਦਿਖਾਏ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕੁਝ ਸਮੇਂ ਬਾਅਦ, ਕਿਸਾਨਾਂ ਨੇ ਦੂਜੇ ਆਗੂਆਂ ਦੇ ਵਿਰੋਧ ਵਿੱਚ ਟੋਲ ਕ੍ਰਾਸਿੰਗ ਨੂੰ ਜਾਮ ਕਰ ਦਿੱਤਾ। ਅਜਿਹਾ ਕਰਨ ‘ਤੇ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ। ਬਚਣ ਲਈ ਤਦ ਕਿਸਾਨਾਂ ਨੂੰ ਖੇਤਾਂ ਵੱਲ ਭੱਜਣਾ ਪਿਆ ਸੀ।

ਪੁਲਿਸ ਮੁਲਾਜ਼ਮਾਂ ਨੇ ਖੇਤਾਂ ਵਿੱਚ ਕਿਸਾਨਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ। ਲਾਠੀਚਾਰਜ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਹੋਰ ਕਿਸਾਨ ਉੱਥੇ ਪਹੁੰਚੇ ਤਾਂ ਪੁਲਿਸ ਨੇ ਫਿਰ ਲਾਠੀਚਾਰਜ ਕੀਤਾ। ਇਸ ਤਰ੍ਹਾਂ 4 ਵਾਰ ਲਾਠੀਚਾਰਜ ਹੋਇਆ। ਪੁਲਿਸ ਦਰਜਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਚਲੀ ਗਈ। ਇਸ ਤੋਂ ਬਾਅਦ ਮਾਹੌਲ ਹੋਰ ਭਖ ਗਿਆ।

ਗੁਰਨਾਮ ਸਿੰਘ ਚੜ੍ਹੂਨੀ ਨੇ ਵਿਰੋਧ ਕਰਦਿਆਂ ਪੂਰੇ ਰਾਜ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਤੇ ਉਨ੍ਹਾਂ ਨੇ ਸਮੁੱਚੇ ਹਰਿਆਣਾ ਸੂਬੇ ਨੂੰ ਜਾਮ ਕਰ ਦਿੱਤਾ। ਜਦੋਂ ਤੱਕ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸਾਨਾਂ ਨੇ ਰਾਜ ਭਰ ਵਿੱਚ ਲਗਾਏ ਜਾਮ ਨਹੀਂ ਖੋਲ੍ਹੇ ਪਰ ਮਾਮਲਾ ਅਜੇ ਤੱਕ ਠੰਡਾ ਨਹੀਂ ਹੋਇਆ। ਕਈ ਮਹੱਤਵਪੂਰਨ ਫੈਸਲੇ ਮਹਾਪੰਚਾਇਤ ਵਿੱਚ ਲਏ ਜਾਣ ਦੀ ਸੰਭਾਵਨਾ ਹੈ, ਜਿਸ ਦਾ ਪ੍ਰਭਾਵ ਦੇਸ਼ ਭਰ ਵਿੱਚ ਦੇਖਣ ਨੂੰ ਮਿਲ ਸਕਦਾ ਹੈ।