ਫਤਿਹਗੜ੍ਹ ਸਾਹਿਬ ‘ਚ ਪ੍ਰਦਰਸ਼ਨ ਕਰਦੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਟਰਾਲੀਆਂ ‘ਚ ਪਰਾਲੀ ਲਿਜਾ ਰਹੇ ਸੀ DC ਦਫਤਰ

0
1305

ਫਤਿਹਗੜ੍ਹ ਸਾਹਿਬ, 20 ਨਵੰਬਰ | ਪਰਾਲੀ ਸਾੜਨ ‘ਤੇ ਕੇਸ ਦਰਜ ਕਰਨ ਤੋਂ ਨਾਰਾਜ਼ 18 ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਡੀਸੀ ਦਫ਼ਤਰਾਂ ਦੀ ਘੇਰਾਬੰਦੀ ਕਰਨ ਦਾ ਐਲਾਨ ਕੀਤਾ ਹੋਇਆ ਹੈ। ਫਤਿਹਗੜ੍ਹ ਸਾਹਿਬ ਵਿਚ ਟਰਾਲੀਆਂ ਵਿਚ ਪਰਾਲੀ ਭਰ ਕੇ ਡੀਸੀ ਦਫ਼ਤਰ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਰਸਤੇ ਵਿਚ ਹੀ ਰੋਕ ਲਿਆ ਗਿਆ।

ਕਿਸਾਨਾਂ ਦੇ ਇਕ ਜਥੇ ਨੂੰ ਗੁਰਦੁਆਰਾ ਜੋਤੀ ਸਵਰੂਪ ਸਾਹਿਬ ਨੇੜੇ ਰੋਕ ਲਿਆ ਗਿਆ, ਜਿਸ ਕਾਰਨ ਗੁੱਸੇ ਵਿਚ ਆਏ ਕਿਸਾਨਾਂ ਨੇ ਉੱਥੇ ਹੀ ਸੜਕ ਜਾਮ ਕਰਨ ਦਾ ਐਲਾਨ ਕਰ ਦਿੱਤਾ। ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਅਤੇ ਹਰਿਆਣਾ ਵਿਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ। ਪਰਾਲੀ ਨੂੰ ਟਰਾਲੀਆਂ ਵਿਚ ਲਿਜਾਇਆ ਜਾ ਰਿਹਾ ਹੈ ਤਾਂ ਕਿ ਪ੍ਰਸ਼ਾਸਨ ਨੂੰ ਪੁੱਛਿਆ ਜਾਵੇ ਕਿ ਇਸ ਨੂੰ ਕਿਵੇਂ ਸੰਭਾਲਣਾ ਹੈ ਜਾਂ ਪ੍ਰਸ਼ਾਸਨ ਖੁਦ ਪਰਾਲੀ ਦੀ ਸੰਭਾਲ ਕਰਦਾ ਹੈ। ਪਰਾਲੀ ਸਾੜਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਪਰ ਉਸ ਨੂੰ ਡੀਸੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਰੋਹ ਦੇ ਰੂਪ ਵਿਚ ਸੜਕ ਜਾਮ ਹੋਵੇਗੀ। ਜੇਕਰ ਕਿਸਾਨਾਂ ਨੇ ਕਿਤੇ ਵੀ ਪਰਾਲੀ ਨੂੰ ਅੱਗ ਲਗਾਈ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।