ਕਰਨਾਲ ‘ਚ ਕਿਸਾਨਾਂ ਦਾ ਪ੍ਰਦਰਸ਼ਨ ਕੱਲ, ਧਾਰਾ 144 ਲਾਗੂ, ਵਿਜ ਬੋਲੇ- ਸ਼ਾਂਤੀ ਬਣਾਏ ਰੱਖਣਾ ਕਿਸਾਨ ਨੇਤਾਵਾਂ ਦੀ ਜ਼ਿੰਮੇਵਾਰੀ

0
844

ਕਰਨਾਲ (ਹਰਿਆਣਾ) | ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਹਰਿਆਣਾ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਮੁੱਖ ਰਾਸ਼ਟਰੀ ਮਾਰਗ-44 (ਅੰਬਾਲਾ) ਦਿੱਲੀ ‘ਤੇ ਸਫ਼ਰ ਕਰਨ ਤੋਂ ਬਚਣ ਲਈ ਕਿਹਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮੰਗਲਵਾਰ ਨੂੰ ਕਰਨਾਲ ਤੋਂ ਯਾਤਰਾ ਕਰਨ ਤੋਂ ਬਚਣ ਜਾਂ ਫਿਰ ਦੂਸਰੇ ਰਸਤਿਆਂ ਦਾ ਪ੍ਰਯੋਗ ਕਰਨ।

ਕਰਨਾਲ ‘ਚ 28 ਅਗਸਤ ਨੂੰ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਸੰਗਠਨਾਂ ਨੇ 7 ਸਤੰਬਰ ਨੂੰ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਕਰਨਾਲ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਇਸ ਦੇ ਤਹਿਤ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਕਿਸੇ ਵੀ ਪ੍ਰਕਾਰ ਦੇ ਹਥਿਆਰ ਨੂੰ ਲੈ ਕੇ ਚੱਲਣ ‘ਤੇ ਪਾਬੰਦੀ ਰਹੇਗੀ।

ਹੁਕਮਾਂ ਦੀ ਉਲੰਘਣਾ ਕਰਨ ‘ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 188 ਆਈਪੀਸੀ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਐਤਵਾਰ ਤੋਂ ਹੀ ਲਾਗੂ ਹੋ ਗਏ ਹਨ, ਜੋ ਕਿ 7 ਸਤੰਬਰ ਤੱਕ ਲਾਗੂ ਰਹਿਣਗੇ।

ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ, ”ਅਸੀਂ ਲੋਕਤੰਤਰਿਕ ਦੇਸ਼ ‘ਚ ਰਹਿੰਦੇ ਹਾਂ, ਜਿਸ ਵਿੱਚ ਕਿਸੇ ਨੂੰ ਵੀ ਅੰਦੋਲਨ ਕਰਨ ਦਾ ਅਧਿਕਾਰ ਹੈ ਪਰ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਹੋਣਾ ਚਾਹੀਦਾ ਹੈ। ਅਸੀਂ ਪੂਰਾ ਪ੍ਰਬੰਧ ਕਰ ਲਿਆ ਹੈ ਤੇ ਆਮ ਆਦਮੀ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕੁਝ ਰਸਤਿਆਂ ਨੂੰ ਬਦਲਿਆ ਗਿਆ ਹੈ।”

ਵਿਜ ਨੇ ਕਿਹਾ ਕਿ ਕੋਈ ਵੀ ਪ੍ਰਦਰਸ਼ਨ ਕਰਦਾ ਹੈ ਤਾਂ ਕਰੇ ਪਰ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਆਪਣੀ ਗੱਲ ਰੱਖੇ। ਸ਼ਾਂਤੀ ਬਣਾਈ ਰੱਖਣ ਦਾ ਜ਼ਿੰਮਾ ਕਿਸਾਨ ਨੇਤਾਵਾਂ ਦਾ ਵੀ ਹੈ। ਉਥੇ ਆਵਾਜਾਈ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਕਰਨਾਲ ‘ਚ ਕਿਸਾਨਾਂ ਨੇ ਘਿਰਾਓ ਦੀ ਜੋ ਚਿਤਾਵਨੀ ਦਿੱਤੀ ਹੈ, ਉਹ ਰਾਜਨੀਤੀ ਤੋਂ ਪ੍ਰੇਰਿਤ ਹੈ।

ਇਸ ਤੋਂ ਪਹਿਲਾਂ ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ, ਇਸ ਲਈ ਮੰਗਲਵਾਰ ਨੂੰ ਨਵੀਂ ਅਨਾਜ ਮੰਡੀ ਵਿੱਚ ਇਕ ਵੱਡੀ ਪੰਚਾਇਤ ਹੋਵੇਗੀ। ਇਸ ਤੋਂ ਬਾਅਦ ਕਿਸਾਨ ਮਿੰਨੀ ਸਕੱਤਰੇਤ ਦਾ ਘਿਰਾਓ ਕਰਨਗੇ।