Farmers Protest : ਪ੍ਰਸ਼ਾਸਨ ਨਾਲ ਬੈਠਕ ਰਹੀ ਬੇਨਤੀਜਾ, ਹੁਣ ਮਿੰਨੀ ਸਕੱਤਰੇਤ ਨੂੰ ਘੇਰਨਗੇ ਕਿਸਾਨ

0
1023

ਕਰਨਾਲ | ਹਰਿਆਣਾ ‘ਚ ਪ੍ਰਸ਼ਾਸਨ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਮਿੰਨੀ ਸਕੱਤਰੇਤ ਵੱਲ ਵਧਦੇ ਕਿਸਾਨਾਂ ਨੇ ਕਰਨਾਲ ਦਾ ਨਮਸਤੇ ਚੌਕ ਪਾਰ ਕਰ ਲਿਆ ਹੈ। ਹੁਣ ਕਿਸਾਨ ਮਿੰਨੀ ਸਕੱਤਰੇਤ ਵੱਲ ਰੁਖ਼ ਕਰ ਲਿਆ ਹੈ।

ਦੂਜੇ ਪਾਸੇ ਪ੍ਰਸ਼ਾਸਨ ਵੀ ਆਪਣੀ ਰੈਪਿਡ ਐਕਸ਼ਨ ਫੋਰਸ ਸਣੇ ਤਾਇਨਾਤ ਹਨ।

ਬੈਠਕ ਦੌਰਾਨ ਇਸ ਮੰਗ ‘ਤੇ ਅੜੇ ਕਿਸਾਨ

11 ਮੈਂਬਰੀ ਕਮੇਟੀ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਗੱਲਬਾਤ ਡੇਢ ਤੋਂ ਦੋ ਘੰਟੇ ਤੱਕ ਚੱਲੀ ਪਰ ਇਸ ਬੈਠਕ ਵਿੱਚ ਕੋਈ ਹੱਲ ਨਹੀਂ ਨਿਕਲਿਆ। ਕਿਸਾਨਾਂ ਨੇ ਕਈ ਮੰਗਾਂ ਰੱਖੀਆਂ ਸਨ।

ਕਿਸਾਨ ਇਸ ਮੰਗ ‘ਤੇ ਅੜ ਗਏ ਕਿ ਜੇਕਰ ਕਿਸਾਨਾਂ ਖਿਲਾਫ਼ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀ ਖਿਲਾਫ਼ ਮਾਮਲਾ ਦਰਜ ਨਹੀਂ ਹੁੰਦਾ ਤਾਂ ਘੱਟੋ-ਘੱਟ ਉਨ੍ਹਾਂ ਨੂੰ ਸਸਪੈਂਡ ਕੀਤਾ ਜਾਵੇ ਪਰ ਪ੍ਰਸ਼ਾਸਨ ਨੇ ਕੋਈ ਵੀ ਗੱਲ ਨਹੀਂ ਮੰਨੀ।

ਹੁਣ ਕਿਸਾਨ ਜਥੇਬੰਦੀਆਂ ਵੱਲੋਂ ਅਗਲਾ ਫੈਸਲਾ ਮੰਚ ਤੋਂ ਲਿਆ ਜਾਵੇਗਾ, ਜਿਥੇ ਪੰਚਾਇਤ ਚੱਲ ਰਹੀ ਹੈ। ਕਰਨਾਲ ਵਿਖੇ 11 ਕਿਸਾਨ ਆਗੂ ਪ੍ਰਸ਼ਾਸਨ ਨਾਲ ਬੈਠਕ ਕਰਨ ਗਏ ਸਨ।

ਕਰਨਾਲ ਵਿਖੇ ਚੱਲ ਰਹੀ ਮਹਾਪੰਚਾਇਤ ਦੌਰਾਨ ਪ੍ਰਸ਼ਾਸਨ ਦੁਆਰਾ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਗਿਆ ਸੀ। ਸੰਯੁਕਤ ਕਿਸਾਨ ਮੋਰਚੇ ਦੇ 11 ਆਗੂ ਇਸ ਬੈਠਕ ਵਿੱਚ ਮੌਜੂਦ ਸਨ।

ਇਨ੍ਹਾਂ ਆਗੂਆਂ ‘ਚ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਡਾ ਦਰਸ਼ਨਪਾਲ, ਗੁਰਨਾਮ ਸਿੰਘ ਚਡੂਨੀ ਤੇ ਜੋਗਿੰਦਰ ਸਿੰਘ ਉਗਰਾਹਾਂ ਸ਼ਾਮਿਲ ਸਨ।

28 ਅਗਸਤ ਨੂੰ ਕਰਨਾਲ ਵਿਖੇ ਮੁੱਖ ਮੰਤਰੀ ਦੇ ਸਮਾਗਮ ਮੌਕੇ ਕਿਸਾਨਾਂ ‘ਤੇ ਲਾਠੀਚਾਰਜ ਹੋਇਆ ਸੀ, ਜਿਸ ਤੋਂ ਬਾਅਦ ਇਹ ਮਹਾਪੰਚਾਇਤ ਤੈਅ ਹੋਈ ਸੀ।

ਮੰਗ ਹੈ ਕਿ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕੇਸ ਦਰਜ ਹੋਵੇ।

ਕਿਸਾਨਾਂ ਦੀ ਬੈਠਕ ਰਹੀ ਬੇਸਿੱਟਾ, ਕਿਸਾਨ ਕਰ ਸਕਦੇ ਹਨ ਸਕੱਤਰੇਤ ਵੱਲ ਕੂਚ

ਹਰਿਆਣਾ ਵਿੱਚ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਬੈਠਕ ਬੇਸਿੱਟਾ ਰਹੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿਸਾਨ ਹੁਣ ਸਕੱਤਰੇਤ ਵੱਲ ਕੂਚ ਕਰ ਸਕਦੇ ਹਨ। ਉਧਰ ਦੂਜੇ ਪਾਸੇ ਪ੍ਰਸ਼ਾਸਨ ਵੀ ਆਪਣੀ ਰੈਪਿਡ ਐਕਸ਼ਨ ਫੋਰਸ ਸਣੇ ਤਾਇਨਾਤ ਹੈ।

ਮਨੋਹਰ ਲਾਲ ਖੱਟਰ ਨੇ ਕਿਹਾ- ‘ਉਮੀਦ ਹੈ ਹੱਲ ਨਿਕਲੇਗਾ’

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ, “ਕਿਸਾਨਾਂ ਨੇ ਕਰਨਾਲ ਵਿੱਚ ਬੈਠਕ ਸੱਦੀ ਹੈ ਅਤੇ ਇਹ ਜਾਰੀ ਹੈ। ਹਾਲ ਹੀ ‘ਚ ਬਣੀ 11 ਮੈਂਬਰੀ ਕਮੇਟੀ ਨਾਲ ਗੱਲਬਾਤ ਜਾਰੀ ਹੈ। ਮੈਨੂੰ ਉਮੀਦ ਹੈ ਕਿ ਗੱਲਬਾਤ ਨਾਲ ਕੋਈ ਹੱਲ ਨਿਕਲੇਗਾ।”

ਪ੍ਰਸ਼ਾਸਨ ਦੀ ਚਿਤਾਵਨੀ, ‘ਕਿਸੇ ਵੀ ਹਾਲਤ ‘ਚ ਕਾਨੂੰਨ ਦਾ ਉਲੰਘਣ ਨਾ ਕਰੋ’

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕਰਨਾਲ ਦੇ ਆਈਜੀਪੀ ਨੇ ਕਿਹਾ, “ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਰਾਰਤੀ ਅਨਸਰਾਂ ਨੂੰ ਅਪੀਲ ਕਰਨ ਕਿ ਅਨਾਜ ਮੰਡੀ ਵਿੱਚ ਜੋ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਕਰਨਾਲ ਪਹੁੰਚੇ ਹਨ, ਉਹ ਚਲੇ ਜਾਣ। ਅਜਿਹਾ ਲੱਗਦਾ ਹੈ ਕਿ ਉਹ ਕਿਸਾਨ ਆਗੂਆਂ ਦੀ ਨਹੀਂ ਸੁਣ ਰਹੇ। ਅਸੀਂ ਉਨ੍ਹਾਂ ਨੂੰ ਕਾਨੂੰਨ ਨਾ ਤੋੜਨ ਦੀ ਚਿਤਾਵਨੀ ਦੇ ਰਹੇ ਹਾਂ।”

ਕਰਨਾਲ : ਕਿਸਾਨ ਪੰਚਾਇਤ ਵਿੱਚ ਭਾਰੀ ਭੀੜ, ਪੁਲਿਸ ਵੀ ਚੌਕਸ

ਕਰਨਾਲ ਵਿੱਚ ਕਿਸਾਨਾਂ ਦਾ ਪਹੁੰਚਣਾ ਜਾਰੀ, ਸੁਰੱਖਿਆ ਪ੍ਰਬੰਧ ਵੀ ਸਖ਼ਤ ਕੀਤੇ ਗਏ ਹਨ। ਕਿਸਾਨਾਂ ਦਾ ਕਹਿਣਾ ਹੈ, “ਇੰਟਰਨੈੱਟ ਬੰਦ ਕਰਕੇ ਜੋ ਕਾਰਵਾਈਆਂ ਕੀਤੀਆਂ ਗਈਆਂ ਹਨ, ਉਹ ਮੁੱਖ ਮੰਤਰੀ ਦਾ ਡਰ ਹੈ।”