ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ‘ਚ 21 ਫਰਵਰੀ ਤੱਕ ਟੋਲ ਪਲਾਜ਼ੇ ਕੀਤੇ ਫਰੀ

0
3865

ਅੰਮ੍ਰਿਤਸਰ, 19 ਫਰਵਰੀ| ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਭਰ ਵਿੱਚ 21 ਫਰਵਰੀ ਤੱਕ ਟੋਲ ਪਲਾਜ਼ੇ ਫਰੀ ਕਰ ਦਿੱਤੇ ਗਏ ਹਨ। ਇਸ ਮੌਕੇ ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ਾ ‘ਤੇ ਬੈਠੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਚ ਕਰ ਰਹੀ ਹੈ, ਜਦੋਂ ਤੱਕ ਅੰਦੋਲਨ ਜਾਰੀ ਰਹੇਗਾ, ਉਦੋਂ ਤੱਕ ਟੋਲ ਪਲਾਜ਼ੇ ‘ਤੇ ਧਰਨੇ ਲੱਗੇ ਰਹਿਣਗੇ।

ਉਨ੍ਹਾੰ ਕਿਹਾ ਕਿ ਕੱਲ ਜਿਹੜੀ ਸਾਡੀ ਮੀਟਿੰਗ ਹੋਈ ਹੈ, ਉਹ ਬੇਨਤੀਜਾ ਨਿਕਲੀ ਹੈ। ਹੁਣ 21 ਫਰਵਰੀ ਦਾ ਦੁਬਾਰਾ ਸਮਾਂ ਰੱਖਿਆ ਗਿਆ ਹੈ ਤੇ ਉਦੋਂ ਤੱਕ ਇਹ ਸਾਡੇ ਧਰਨੇ ਟੋਲ ਪਲਾਜ਼ੇ ‘ਤੇ ਲੱਗੇ ਰਹਿਣਗੇ ਤੇ ਟੋਲ ਪਲਾਜ਼ੇ ਪੰਜਾਬ ਦੇ ਫਰੀ ਰਹਿਣਗੇ।

ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਦਾ ਕਹਿਣਾ ਸੀ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਪਰ ਸਰਕਾਰ ਵੱਲੋਂ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸ਼ੰਭੂ ਬੈਰੀਅਰ ‘ਤੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਦੋ ਕਿਸਾਨ ਸ਼ਹੀਦ ਹੋ ਗਏ ਹਨ।

ਸਰਕਾਰ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਕਿਸਾਨ ਵੀਰ ਉਨ੍ਹਾਂ ਨੂੰ ਝੱਲ ਨਹੀਂ ਸਕੇ, ਜਿਸਦੇ ਚਲਦੇ ਉਹ ਸ਼ਹੀਦ ਹੋ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਲੋਕਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਹੈ। ਹਾਂ ਲੋਕ ਸਾਨੂੰ ਆ ਕੇ ਰਾਸ਼ਨ-ਪੈਸਾ ਦੇ ਕੇ ਜਾ ਰਹੇ ਹਨ, ਜਿਹੜੀ ਚੀਜ਼ ਦੀ ਜ਼ਰੂਰਤ ਹੈ, ਉਹ ਸਾਨੂੰ ਲੋਕਾਂ ਵਲੋਂ ਮੁਹੱਈਆ ਕਰਵਾਈ ਜਾ ਰਹੀ ਹੈ।