ਕਿਸਾਨਾਂ ਨੇ ਸ਼ੁਰੂ ਕੀਤਾ ‘ਭਾਰਤ ਬੰਦ’ ਅੰਦੋਲਨ, ਸੜਕਾਂ ਕੀਤੀਆਂ ਬੰਦ, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

0
12728

ਜਲੰਧਰ/ਨਵੀਂ ਦਿੱਲੀ | ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਅੱਜ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਮੋਰਚੇ ਵੱਲੋਂ ਮਿਲੇ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾਣੇ ਹਨ। ਇਸ ਤਹਿਤ ਕਿਸਾਨਾਂ ਵੱਲੋਂ ਸਵੇਰ ਤੋਂ ਹੀ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਕਈ ਥਾਵਾਂ ‘ਤੇ ਹਾਈਵੇ ਜਾਮ ਕਰ ਦਿੱਤੇ ਗਏ ਹਨ।

ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਵੇਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤੇ ਵਿਭਾਗਾਂ ਦਾ ਨਿੱਜੀਕਰਨ ਬੰਦ ਨਹੀਂ ਹੁੰਦਾ, ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।

ਦੱਸਣਯੋਗ ਹੈ ਕਿ ਭਾਰਤ ਬੰਦ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਸੜਕ ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ। ਬੰਦ ਦੌਰਾਨ ਬਾਜ਼ਾਰ, ਦੁਕਾਨਾਂ, ਫੈਕਟਰੀਆਂ, ਸਕੂਲ, ਕਾਲਜ ਤੇ ਹੋਰ ਵਿੱਦਿਅਕ ਅਦਾਰੇ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ।

ਭਾਰਤ ਬੰਦ ਦੌਰਾਨ ਐਂਬੂਲੈਂਸ ਤੇ ਫਾਇਰ ਸੇਵਾਵਾਂ ਸਮੇਤ ਐਮਰਜੈਂਸੀ ਸੇਵਾਵਾਂ ਦੀ ਹੀ ਇਜਾਜ਼ਤ ਹੋਵੇਗੀ। ਦੱਸਣਯੋਗ ਹੈ ਕਿ 3 ਨਵੇਂ ਖੇਤੀ ਕਾਨੂੰਨਾਂ ਨੂੰ ਪਾਸ ਹੋਏ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ।

ਕਿਸਾਨ ਲੱਗਭਗ ਇਕ ਸਾਲ ਤੋਂ ਹੀ ਦਿੱਲੀ ਦੀਆਂ ਹੱਦਾਂ ‘ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬੈਠੇ ਹੋਏ ਹਨ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੀ ਕਿਸਾਨਾਂ ਵੱਲੋਂ ਨਵੇਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੇਂਦਰ ਤੇ ਕਿਸਾਨਾਂ ਵਿਚਾਲੇ ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਜੋ ਕਿ ਬੇਸਿੱਟਾ ਹੀ ਰਹੀਆਂ ਹਨ।

ਜਾਣੋ ਕੀ ਰਹੇਗਾ ਖੁੱਲ੍ਹਾ ਤੇ ਕੀ ਰਹੇਗਾ ਬੰਦ

ਇਹ ਰਹਿਣਗੇ ਬੰਦ-

  • ਬਾਜ਼ਾਰ, ਦੁਕਾਨਾਂ ਤੇ ਉਦਯੋਗ
  • ਸਕੂਲ, ਕਾਲਜ, ਯੂਨੀਵਰਸਿਟੀ ਤੇ ਹਰ ਤਰ੍ਹਾਂ ਦੇ ਵਿੱਦਿਅਕ ਅਦਾਰੇ
  • ਹਰ ਤਰ੍ਹਾਂ ਦੀ ਜਨਤਕ ਆਵਾਜਾਈ
  • ਸਰਕਾਰੀ ਜਾਂ ਗੈਰ-ਸਰਕਾਰੀ ਜਨਤਕ ਪ੍ਰੋਗਰਾਮ

ਇਹ ਰਹਿਣਗੇ ਖੁੱਲ੍ਹੇ-

  • ਹਸਪਤਾਲ, ਮੈਡੀਕਲ ਸਟੋਰ, ਐਂਬੂਲੈਂਸ ਤੇ ਮੈਡੀਕਲ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ
  • ਫਾਇਰ ਬ੍ਰਿਗੇਡ, ਆਫਤ ਰਾਹਤ ਜਾਂ ਨਿੱਜੀ ਐਮਰਜੈਂਸੀ
  • ਸਥਾਨਕ ਸੰਗਠਨਾਂ ਵੱਲੋਂ ਦਿੱਤੀ ਗਈ ਕੋਈ ਵੀ ਛੋਟ
  • ਕੋਰੋਨਾ ਨਾਲ ਜੁੜੀ ਕਿਸੇ ਵੀ ਸਰਵਿਸ ਨੂੰ ਰੋਕਿਆ ਨਹੀਂ ਜਾਵੇਗਾ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ