ਨਵੀਂ ਦਿੱਲੀ | ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ 6 ਘੰਟੇ ਦਾ ਦੇਸ਼ ਵਿਆਪੀ ‘ਰੇਲ ਰੋਕੋ ਅੰਦੋਲਨ’ ਕੀਤਾ ਗਿਆ।
ਕਿਸਾਨ ਜਥੇਬੰਦੀਆਂ ਦਾ ਇਹ ਅੰਦੋਲਨ ਸੋਮਵਾਰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਚੱਲਿਆ। ਵਿਰੋਧ ਪ੍ਰਦਰਸ਼ਨ ਕਾਰਨ ਯੂਪੀ, ਪੰਜਾਬ ਅਤੇ ਹਰਿਆਣਾ ‘ਚ ਰੇਲ ਗੱਡੀਆਂ ਦੀ ਆਵਾਜਾਈ ਵਿੱਚ ਰੁਕਾਵਟ ਹੋਈ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਰੇਲਵੇ CPRO ਨੇ ਕਿਹਾ ਹੈ ਕਿ ਅੰਦੋਲਨ ਕਾਰਨ ਉੱਤਰੀ ਰੇਲਵੇ ਜ਼ੋਨ ‘ਚ 30 ਸਥਾਨ ਪ੍ਰਭਾਵਿਤ ਹੋਏ। ਇਸ ਦੇ ਨਾਲ ਹੀ ਲਖਨਊ ਪੁਲਿਸ ਨੇ ਚਿਤਾਵਨੀ ਦਿੱਤੀ ਕਿ ਪੁਲਿਸ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕਰੇਗੀ, ਜਿਨ੍ਹਾਂ ਨੇ ਕਿਸਾਨ ਸੰਗਠਨ ਦੇ ‘ਰੇਲ ਰੋਕੋ ਅੰਦੋਲਨ’ ਵਿੱਚ ਹਿੱਸਾ ਲਿਆ।
ਅੰਦੋਲਨਕਾਰੀ ਕਿਸਾਨਾਂ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਮੋਦੀਨਗਰ ਰੇਲਵੇ ਸਟੇਸ਼ਨ ‘ਤੇ ਰੇਲ ਆਵਾਜਾਈ ਰੋਕ ਦਿੱਤੀ। ਸੈਂਕੜੇ ਕਿਸਾਨ ਰੇਲ ਅਤੇ ਮਾਲ ਗੱਡੀਆਂ ਦੀ ਆਵਾਜਾਈ ਰੋਕਣ ਲਈ ਪਟੜੀਆਂ ‘ਤੇ ਬੈਠ ਗਏ।
ਗਾਜ਼ੀਆਬਾਦ ਜ਼ਿਲ੍ਹੇ ਦੇ 4 ਥਾਣਿਆਂ ਦੇ ਸੁਰੱਖਿਆ ਬਲ ਮੋਦੀਨਗਰ ਰੇਲਵੇ ਸਟੇਸ਼ਨ ‘ਤੇ ਸੂਬਾਈ ਆਰਮਡ ਪੁਲਿਸ (ਪੀਏਸੀ) ਦੀ ਇਕ ਕੰਪਨੀ ਨਾਲ ਤਾਇਨਾਤ ਕੀਤੇ ਗਏ।
ਰੇਲ ਯਾਤਰਾ ਨਹੀਂ ਹੋਈ ਪ੍ਰਭਾਵਿਤ
ਉੱਤਰ ਪ੍ਰਦੇਸ਼ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਬਾਹਰੋਂ ਵੀ ਅਫਸਰਾਂ ਨੂੰ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ, ਜੋ ਕਿਸਾਨ ਸੰਗਠਨਾਂ ਤੇ ਹੋਰ ਨੇਤਾਵਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ।
ਕਿਤੇ ਵੀ ਰੇਲ ਆਵਾਜਾਈ ‘ਚ ਵਿਘਨ ਨਹੀਂ ਪਿਆ, ਕੁਝ ਥਾਵਾਂ ‘ਤੇ ਜਦੋਂ ਟ੍ਰੇਨਾਂ ਨਹੀਂ ਜਾ ਰਹੀਆਂ ਸਨ, ਕਿਸਾਨਾਂ ਨੇ ਪ੍ਰਤੀਕ ਵਿਰੋਧ ਪ੍ਰਦਰਸ਼ਨ ਕੀਤੇ। ਕਰੀਬ 160 PSC ਅਤੇ 9 ਅਰਧ ਸੈਨਿਕ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ।
ਭਾਰਤ ਸਰਕਾਰ ਨੇ ਅਜੇ ਸਾਡੇ ਨਾਲ ਗੱਲ ਨਹੀਂ ਕੀਤੀ : ਰਾਕੇਸ਼ ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਰੇਲ ਰੋਕੋ ਅੰਦੋਲਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਵੇਗਾ। ਪੂਰੇ ਦੇਸ਼ ਦੇ ਉਥੋਂ ਦੇ ਲੋਕ ਜਾਣਦੇ ਹਨ ਕਿ ਅਸੀਂ ਟ੍ਰੇਨ ਕਿੱਥੇ ਰੋਕਣੀ ਹੈ। ਭਾਰਤ ਸਰਕਾਰ ਨੇ ਅਜੇ ਸਾਡੇ ਨਾਲ ਗੱਲ ਨਹੀਂ ਕੀਤੀ।