ਟੋਲ ਪਲਾਜ਼ਾ ‘ਤੇ ਟੋਲ ਟੈਕਸ ਨਾ ਦੇਣ ਨੂੰ ਲੈ ਕੇ ਕਿਸਾਨ ਅਤੇ ਸਰਪੰਚ ਜੱਥੇਬੰਦੀਆਂ ਵੱਲੋਂ ਤੋੜ-ਭੰਨ

0
342

ਮੋਹਾਲੀ| ਜ਼ਿਲ੍ਹੇ ‘ਚ ਪੈਂਦੇ ਦੱਪਰ ਟੋਲ ਪਲਾਜ਼ਾ ਉੱਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਰਿਆਣਾ ਤੋਂ ਆਉਣ ਵਾਲੇ ਕਿਸਾਨ ਅਤੇ ਸਰਪੰਚ ਜੱਥੇਬੰਦੀਆਂ ਦੇ ਲੋਕਾਂ ਨੇ ਟੋਲ ਟੈਕਸ ਦੇਣ ਤੋਂ ਮਨਾ ਕਰ ਦਿੱਤਾ ਅਤੇ ਟੋਲ ਪਲਾਜ਼ਾ ਉੱਤੇ ਆਪਣੀਆਂ ਸੇਵਾਵਾਂ ਦੇ ਰਹੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ।

ਦਰਸਲ ਇਹ ਕਿਸਾਨ ਹਰਿਆਣਾ ਤੋਂ ਆ ਰਹੇ ਸਨ ਅਤੇ ਪੰਚਕੂਲਾ ਵੱਲ ਨੂੰ ਜਾ ਰਹੇ ਸਨ। ਉੱਥੇ ਇਨ੍ਹਾਂ ਕਿਸਾਨਾਂ ਅਤੇ ਸਰਪੰਚ ਜੱਥੇਬੰਦੀਆਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਦਾ ਘੇਰਾਓ ਕੀਤਾ ਜਾਣਾ ਸੀ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਉਹ ਕਿਸਾਨ ਅਤੇ ਸਰਪੰਚ ਜੱਥੇਬੰਦੀਆਂ ਦੇ ਲੋਕ ਹਨ ਇਸ ਲਈ ਉਹ ਟੋਲ ਟੈਕਸ ਨਹੀਂ ਦੇਣਗੇ।

ਇਨ੍ਹਾਂ ਲੋਕਾਂ ਵੱਲੋਂ ਦੱਪਰ ਟੋਲ ਪਲਾਜ਼ਾ ਦੇ ਬੂਮ ਬੈਰੀਅਰ ਨੂੰ ਤੋੜ ਦਿੱਤਾ ਗਿਆ ਅਤੇ ਉੱਥੇ ਲੱਗੇ ਬੈਰੀਅਰ ਨੂੰ ਵੀ ਚੱਕ ਕੇ ਦੂਰ ਰੱਖ ਦਿੱਤਾ ਗਿਆ। ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਜਦੋਂ ਉਨ੍ਹਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ ਅਤੇ ਬਦਸਲੂਕੀ ਕੀਤੀ ਗਈ। ਮੌਕੇ ਉਤੇ ਮੌਜੂਦ ਦੱਪਰ ਟੋਲ ਪਲਾਜ਼ਾ ਦੇ ਪ੍ਰਬੰਧਕ ਦੀਪਕ ਅਰੋੜਾ ਨੇ ਦੱਸਿਆ ਕਿ ਇਹ ਸ਼ਰੇਆਮ ਗੁੰਡਾਗਰਦੀ ਹੈ ਅਤੇ ਸਾਨੂੰ ਸਾਡਾ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਵੱਲੋਂ ਸਾਨੂੰ ਪਹਿਲਾਂ ਕੋਈ ਲਿਖਿਤ ਜਾਣਕਾਰੀ ਨਹੀਂ ਦਿੱਤੀ ਗਈ। ਸਾਡੇ ਇੱਕ ਕਰਮਚਾਰੀ ਨੂੰ ਚੋਟ ਵੀ ਆਈ ਜਿਸਨੂੰ ਇਲਾਜ ਲਈ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਅਜਿਹਾ ਪਹਿਲੀ ਵਾਰੀ ਨਹੀਂ ਹੈ ਕਿ ਸਾਡੇ ਨਾਲ ਧੱਕਾ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਕਈ ਮੌਕੇ ‘ਤੇ ਸਾਡੇ ਨਾਲ ਇਸੇ ਤਰ੍ਹਾਂ ਕੀਤਾ ਗਿਆ ਹੈ। ਦੀਪਕ ਨੇ ਦੱਸਿਆ ਕਿ ਸਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਹੰਗਾਮੇ ਦੌਰਾਨ ਕੇਵਲ ਇੱਕ ਪੁਲਿਸ ਮੁਲਾਜ਼ਮ ਮੌਕੇ ਉੱਤੇ ਮੌਜੂਦ ਸੀ। ਹੰਗਾਮੇ ਕਾਰਨ ਕੁੱਝ ਸਮੇਂ ਲਈ ਜਾਮ ਵੀ ਲੱਗਿਆ ਰਿਹਾ ਅਤੇ ਕਈ ਗੱਡੀਆਂ ਇਸ ਹੰਗਾਮੇ ਦਾ ਲਾਭ ਚੁੱਕ ਕੇ ਬਿਨਾਂ ਟੋਲ ਭਰੇ ਹੀ ਨਿਕਲ ਗਈਆਂ।