ਫਰੀਦਕੋਟ, 11 ਨਵੰਬਰ | ਇਥੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮੁਹੱਲਾ ਤਲਾਬ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਬਦਮਾਸ਼ਾਂ ਵਲੋਂ ਮੰਗੀ ਫਿਰੌਤੀ ਦੀ ਘਟਨਾ ਸਾਹਮਣੇ ਆਈ ਹੈ। ਡਾਕਟਰ ਨੂੰ ਮਠਿਆਈ ਦੇ ਡੱਬੇ ਵਿਚ ਇਕ ਧਮਕੀ ਭਰੀ ਚਿੱਠੀ ਮਿਲੀ, ਜਿਸ ਤੋਂ ਬਾਅਦ ਪੂਰਾ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਾ ਹੈ ਅਤੇ ਇਸ ਸੰਬੰਧ ਵਿਚ ਡਾਕਟਰ ਦੀ ਸ਼ਿਕਾਇਤ ਦੇ ਆਧਾਰ ਉਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਵਿਚ ਡਾਕਟਰ ਨੂੰ ਮਠਿਆਈ ਦਾ ਡੱਬਾ ਫੜਾਉਣ ਆਏ ਮੁਲਜ਼ਮਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋਈਆਂ ਹਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ 2 ਮੁਲਜ਼ਮ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਏ, ਇਨ੍ਹਾਂ ਵਿਚੋਂ ਇਕ ਮੁਲਜ਼ਮ ਹਸਪਤਾਲ ਅੰਦਰ ਗਿਆ ਅਤੇ ਰਿਸੈਪਸ਼ਨ ਉਤੇ ਬੈਠੇ ਹਸਪਤਾਲ ਦੇ ਕਰਮਚਾਰੀ ਨੂੰ ਮਠਿਆਈ ਦਾ ਡੱਬਾ ਦੇ ਕੇ ਆਇਆ ਕਿ ਇਹ ਡੱਬਾ ਡਾਕਟਰ ਦੇ ਕਿਸੇ ਦੋਸਤ ਨੇ ਭੇਜਿਆ ਹੈ।
ਜਦੋਂ ਇਸ ਮਠਿਆਈ ਦੇ ਡੱਬੇ ਨੂੰ ਖੋਲ੍ਹਿਆ ਗਿਆ ਤਾਂ ਇਸ ਵਿਚ ਧਮਕੀ ਭਰੀ ਚਿੱਠੀ ਨਿਕਲੀ, ਇਹ ਸ਼ਿਕਾਇਤ ਦੇ ਆਧਾਰ ਉਤੇ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰਦੇ ਹੋਏ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।