ਫਰੀਦਕੋਟ : ਹੋਣ ਵਾਲੇ ਲਾੜੇ ਦਾ ਕਿਸੇ ਹੋਰ ਲੜਕੀ ਨਾਲ ਚੱਲਦਾ ਸੀ ਚੱਕਰ, ਮੌਕਾ ਦੇਖ ਕੇ ਸ਼ਗਨ ਵਾਲੇ ਦਿਨ ਹੀ ਹੋਇਆ ਫਰਾਰ

0
3251

ਫਰੀਦਕੋਟ, 8 ਸਤੰਬਰ| ਜ਼ਿਲ੍ਹੇ ਦੇ ਪਿੰਡ ਸਾਦਿਕ ਵਿਖੇ ਇਕ ਲੜਕੀ ਦੇ ਵਿਆਹ ਸੀ ‘ਤੇ ਅੱਜ ਬਰਾਤ ਆਉਣੀ ਦਾ ਸਵਾਗਤ ਕਰਨ ਲਈ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸਨ ਪਰ ਇਹ ਖੁਸ਼ੀ ਉਸ ਸਮੇਂ ਗਮੀ ’ਚ ਬਦਲ ਗਈ ਜਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਲਾੜਾ ਤਾਂ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਘਰੋਂ ਫਰਾਰ ਹੋ ਚੁੱਕਾ ਹੈ। ਫਿਰ ਇਹ ਮਾਮਲਾ ਥਾਣਾ ਸਾਦਿਕ ਪਹੁੰਚਿਆ ਅਤੇ ਥਾਣਾ ਮੁਖੀ ਮੁਖਤਿਆਰ ਸਿੰਘ ਗਿੱਲ ਕੋਲ ਦੋਹੇਂ ਧਿਰਾਂ ਪੇਸ਼ ਹੋਈਆਂ।

ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਅੱਜ ਬਰਾਤ ਆਉਣੀ ਸੀ। ਉਨ੍ਹਾਂ ਕਿਹਾ ਕਿ ਜਦ ਬੀਤੇ ਕੱਲ੍ਹ ਅਸੀਂ ਲੜਕੇ ਨੂੰ ਸ਼ਗਨ ਪਾਉਣ, ਉਨ੍ਹਾਂ ਦੇ ਪਿੰਡ ਡੋਡ ਗਏ ਤਾਂ ਉਥੇ ਜਾ ਕੇ ਪਤਾ ਲੱਗਾ ਕਿ ਲੜਕਾ ਫਰਾਰ ਹੋ ਚੁੱਕਾ ਹੈ। ਥਾਣੇ ’ਚ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਲੜਕੇ ਦੇ ਪਹਿਲਾਂ ਕਿਸੇ ਹੋਰ ਲੜਕੀ ਨਾਲ ਸਬੰਧ ਸਨ ਤੇ ਸਾਨੂੰ ਹਨੇਰੇ ’ਚ ਰੱਖ ਕੇ ਸਾਡੀ ਲੜਕੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਕੱਲ੍ਹ ਉਹ ਕਰੀਬ ਡੇਢ ਲੱਖ ਰੁਪਏ ਦਾ ਮੋਟਰਸਾਈਕਲ ਵੀ ਨਵਾਂ ਖਰੀਦ ਕੇ ਸ਼ਗਨ ’ਤੇ ਦੇਣ ਲਈ ਲੈ ਕੇ ਗਏ ਸਨ। ਲੜਕਾ ਅਤੇ ਉਸ ਦਾ ਪਿਤਾ ਸਰਕਾਰੀ ਮੁਲਾਜ਼ਮ ਹਨ। ਇਹ ਪਤਾ ਲੱਗਣ ’ਤੇ ਲੜਕੀ ਦਾ ਪਰਿਵਾਰ ਸੁੰਨ ਰਹਿ ਗਿਆ ਤੇ ਉਨ੍ਹਾਂ ਥਾਣਾ ਸਾਦਿਕ ਆ ਕੇ ਲਿਖਤੀ ਸ਼ਿਕਾਇਤ ਕੀਤੀ। ਇਸ ਮੌਕੇ ਐਸ.ਐਚ.ਓ. ਮੁਖਤਿਆਰ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਦੇ ਮੋਹਤਬਰ ਆਗੂਆਂ ਦੀ ਹਾਜ਼ਰੀ ਵਿਚ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿਤਾ ਗਿਆ ਹੈ।