ਫਰੀਦਕੋਟ : ਦਿਨ ਚੜ੍ਹਦੇ ਹੀ ਸੜਕ ਕਿਨਾਰਿਓਂ ਭੇਦਭਰੇ ਹਾਲਾਤ ‘ਚ ਮਿਲੀ ਨੌਜਵਾਨ ਦੀ ਲਾਸ਼, ਘਰਦਿਆਂ ਨੇ ਜਤਾਇਆ ਕਤਲ ਦਾ ਸ਼ੱਕ

0
873

ਫਰੀਦਕੋਟ। ਦਿਨ ਚੜ੍ਹਦੇ ਹੀ ਕਰੀਬ 30 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤ ਵਿਚ ਸੜਕ ਕਿਨਾਰਿਓਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਫਰੀਦਕੋਟ ਦੀ ਡੋਗਰ ਬਸਤੀ ਦੇ ਰਹਿਣ ਵਾਲੇ ਕਰੀਬ 30 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ । ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਜਿਥੇ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਹੈ, ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਚੱਲ ਸਕੇਗਾ ।
ਸਵੇਰੇ ਦਿਨ ਚੜ੍ਹਦੇ ਹੀ ਫਰੀਦਕੋਟ ਪੁਲਿਸ ਨੂੰ ਤਲਵੰਡੀ ਭਾਈ ਕੋਟਕਪੂਰਾ ਨਹਿਰ ਬਾਈਪਾਸ ਤੇ ਸੜਕ ਕਿਨਾਰੇ ਇਕ ਲਾਸ਼ ਪਏ ਹੋਣ ਦੀ ਸੂਚਨਾ ਮਿਲੀ, ਜਿਸ ‘ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਲਿਆਂਦਾ।
ਮ੍ਰਿਤਕ ਦੀ ਪਹਿਚਾਣ ਫਰੀਦਕੋਟ ਦੀ ਡੋਗਰ ਬਸਤੀ ਦੇ ਰਹਿਣ ਵਾਲੇ ਕਰੀਬ 30 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਬਠਿੰਡਾ ਵਿਖੇ ਸ਼ਰਾਬ ਠੇਕੇਦਾਰ ਨਾਲ ਰੇਡ ਪਾਰਟੀ ਵਿਚ ਕੰਮ ਕਰਦਾ ਸੀ ਅਤੇ ਮਹੀਨੇ-20 ਦਿਨਾਂ ਬਾਅਦ ਘਰ ਵਾਪਸ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਕਰੀਬ 2 ਦਿਨ ਪਹਿਲਾਂ ਉਸ ਦੇ ਭਰਾ ਦੀ ਉਸ ਦੀ ਮਾਤਾ ਨਾਲ ਗੱਲ ਹੋਈ ਸੀ ਕਿ ਉਹ 4 ਅਕਤੂਬਰ ਨੂੰ ਘਰ ਆਵੇਗਾ। ਪਰ ਅੱਜ ਦਿਨ ਚੜ੍ਹਦੇ ਹੀ ਉਸਦੀ ਮੌਤ ਦੀ ਖਬਰ ਆਈ।
ਇਸ ਪੂਰੇ ਮਾਮਲੇ ਬਾਰੇ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਅਮਲ ਵਿਚ ਲਿਆਂਦੀ ਜਾਵੇਗੀ।