ਫਰੀਦਕੋਟ | ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਬਰਗਾੜੀ ਬੇਅਦਬੀ ਦੇ ਦੋਸ਼ੀ ਦੀ ਗ੍ਰਿਫਤਾਰੀ ਉਤੇ ਕਿਹਾ ਹੈ ਕਿ ਕਾਬੂ ਕੀਤਾ ਵਿਅਕਤੀ ਕੋਈ ਹੋਰ ਹੈ। ਬੈਂਗਲੁਰੂ ਏਅਰਪੋਰਟ ‘ਤੇ ਹਿਰਾਸਤ ‘ਚ ਲਿਆ ਵਿਅਕਤੀ ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ ਨਹੀਂ ਹੈ। ਉਸ ਨੂੰ ਹਿਰਾਸਤ ‘ਚ ਲੈਣ ਪਹੁੰਚੀ ਫਰੀਦਕੋਟ ਪੁਲਿਸ ਦੀ ਟੀਮ ਨੂੰ ਬੇਰੰਗ ਮੁੜਨਾ ਪਿਆ।
ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣੇ ਫੇਸਬੁੱਕ ਅਤੇ ਟਵਿਟਰ ਪੇਜ ‘ਤੇ ਸੰਦੀਪ ਬਰੇਟਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ, ਜਿਸ ਦੇ ਆਧਾਰ ‘ਤੇ ਮੀਡੀਆ ਨੇ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ ਸੀ।
ਸੂਤਰਾਂ ਅਨੁਸਾਰ ਉਕਤ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਫ਼ਰੀਦਕੋਟ ਪੁਲਿਸ ਦੀ ਟੀਮ ਮੰਗਲਵਾਰ ਸ਼ਾਮ ਨੂੰ ਬੈਂਗਲੁਰੂ ਪਹੁੰਚੀ ਅਤੇ ਰਾਤ ਭਰ ਇਸ ਵਿਅਕਤੀ ਬਾਰੇ ਪੜਤਾਲ ਕੀਤੀ ਪਰ ਜਾਂਚ ਦੌਰਾਨ ਇਹ ਵਿਅਕਤੀ ਸੰਦੀਪ ਬਰੇਟਾ ਨਹੀਂ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਏਅਰਪੋਰਟ ਅਥਾਰਟੀ ਨੇ ਡਿਟੇਨ ਕੀਤਾ ਸੀ, ਉਹ ਸੰਦੀਪ ਬਰੇਟਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਦਾ ਨਾਂਅ ਅਤੇ ਉਸ ਦੇ ਪਿਤਾ ਦਾ ਨਾਂਅ ਸੰਦੀਪ ਬਰੇਟਾ ਨਾਲ ਮਿਲਦੇ ਹਨ, ਜਿਸ ਕਾਰਨ ਭੁਲੇਖਾ ਪਿਆ ਹੈ। ਇਸ ਲਈ ਪੁਲਿਸ ਟੀਮ ਬਿਨਾਂ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਵਾਪਸ ਪਰਤ ਰਹੀ ਹੈ।
ਇਸ ਸਬੰਧੀ ਫਰੀਦਕੋਟ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਬਰਗਾੜੀ ਬੇਅਦਬੀ ਮਾਮਲਿਆਂ ਵਿਚ ਫਰੀਦਕੋਟ ਪੁਲਿਸ ਦੁਆਰਾ ਜਾਰੀ ਕੀਤੇ ਗਏ ਐਲ.ਓ.ਸੀ. ਦੇ ਅਧਾਰ ‘ਤੇ ਬੇਅਦਬੀ ਕਾਂਡ ਦੇ ਦੋਸ਼ੀ ਸੰਦੀਪ ਬਰੇਟਾ ਦੇ ਵੇਰਵੇ ਨਾਲ ਮੇਲ ਖਾਂਦਾ ਸੰਦੀਪ ਪੁੱਤਰ ਓਮ ਪ੍ਰਕਾਸ਼ ਵਾਸੀ ਨਵੀਂ ਦਿੱਲੀ ਨੂੰ ਹਿਰਾਸਤ ਵਿਚ ਲੈਣ ਦੇ ਸਬੰਧ ਵਿਚ ਇਮੀਗ੍ਰੇਸ਼ਨ ਅਥਾਰਟੀਜ਼, ਬੰਗਲੌਰ ਹਵਾਈ ਅੱਡੇ ਤੋਂ ਇਕ ਸੰਚਾਰ ਪ੍ਰਾਪਤ ਹੋਇਆ ਸੀ।