ਫਰੀਦਕੋਟ, 2 ਫਰਵਰੀ | ਫਰੀਦਕੋਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੋਂ ਦੀ ਜਰਮਨ ਕਾਲੋਨੀ ’ਚ ਰਹਿਣ ਵਾਲੇ ਇਕ ਪਰਿਵਾਰ ਦੀਆਂ 200 ਦੇ ਕਰੀਬ ਬੱਕਰੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ 96 ਦੇ ਕਰੀਬ ਬੱਕਰੀਆਂ ਅਤੇ 100 ਤੋਂ ਵੱਧ ਬੱਕਰੀਆਂ ਦੇ ਬੱਚਿਆਂ ਦੀ ਮੌਤ ਹੋਈ ਹੈ। ਪਤਾ ਲੱਗਾ ਹੈ ਕਿ ਬੱਕਰੀ ਪਾਲਕ ਨੇ ਆਪਣੇ ਅਤੇ ਆਪਣੀ ਪਤਨੀ ਦੇ ਨਾਮ ’ਤੇ 3 ਲੱਖ ਦੇ ਕਰੀਬ ਦੀ ਲਿਮਟ ਬੰਨ੍ਹ ਕੇ ਬੱਕਰੀਆਂ ਖਰੀਦੀਆਂ ਸਨ।
ਪੀ. ਪੀ. ਆਰ. ਨਾਮ ਦੇ ਵਾਇਰਸ ਨੇ ਬੱਕਰੀਆਂ ਦੀ ਜਾਨ ਲੈ ਲਈ। ਪਸ਼ੂ ਵਿਭਾਗ ਦੇ ਡਾਕਟਰਾਂ ਵੱਲੋਂ ਲਗਾਤਾਰ ਸੈਂਪਲਿੰਗ ਕਰਕੇ ਬੀਮਾਰੀ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰਾਂ ਵਲੋਂ ਉਕਤ ਪਰਿਵਾਰ ਦੇ ਰਹਿੰਦੇ ਜਾਨਵਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਜਾਰੀ ਹੈ।
ਇਸ ਮੌਕੇ ਬੱਕਰੀ ਪਾਲਕ ਜਸਵਿੰਦਰ ਸਿੰਘ ਨੇ ਕਿਹਾ ਕਿ ਉਸ ਦੀਆਂ 96 ਦੇ ਕਰੀਬ ਵੱਡੀਆਂ ਬੱਕਰੀਆਂ ਅਤੇ 100 ਤੋਂ ਵੱਧ ਮੇਮਣਿਆਂ ਦੀ ਮੌਤ ਹੋ ਚੁੱਕੀ ਹੈ। ਉਸਨੇ ਆਪਣੇ ਅਤੇ ਆਪਣੀ ਘਰ ਵਾਲੀ ਦੇ ਨਾਮ ’ਤੇ ਬੈਂਕ ਵਿਚੋਂ ਕਰਜ਼ਾ ਲੈ ਕੇ ਬੱਕਰੀਆਂ ਖਰੀਦੀਆਂ ਸਨ। ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਉਸਦਾ ਕਰਜ਼ਾ ਮੁਆਫ਼ ਕਰ ਦੇਵੇ ਤਾਂ ਉਸਦਾ ਘਰ ਬਚ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਮਾਜਸੇਵੀ ਮਦਦ ਲਈ ਅੱਗੇ ਆਉਣ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸੈਂਪਲਿੰਗ ਦੌਰਾਨ ਪਤਾ ਲੱਗਾ ਕਿ ਪੀ. ਪੀ. ਆਰ. ਨਾਮ ਦੀ ਬੀਮਾਰੀ ਕਾਰਨ ਇਹ ਸਭ ਹੋਇਆ, ਜਿਸ ਦੇ ਹਿਸਾਬ ਨਾਲ ਇਲਾਜ ਸ਼ੁਰੂ ਕੀਤਾ ਹੈ। ਸਵੇਰੇ-ਸ਼ਾਮ ਸਾਡੇ ਡਾਕਟਰ ਜਾ ਰਹੇ ਹਨ। ਵੈਕਸੀਨ ਬਿਲਕੁਲ ਫ੍ਰੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪਰ ਅਜਿਹੀ ਇਨਫੈਕਟਿਡ ਜਗ੍ਹਾ ’ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਨੇ ਹੋਰ ਬੱਕਰੀ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੰਦਰੁਸਤ ਜਾਨਵਰਾਂ ਦੇ ਵੈਕਸੀਨ ਲਗਵਾ ਲੈਣ।