ਫਰੀਦਕੋਟ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਚਾਰ ਧੀਆਂ ਤੇ ਇਕਲੌਤੇ ਅਪਾਹਿਜ ਪੁੱਤ ਦੇ ਪਿਓ ਦੀ ਨਸ਼ੇ ਨੇ ਲਈ ਜਾਨ

0
1461

ਫਰੀਦਕੋਟ। ਅੱਜ ਇਕ ਗਰੀਬ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਕਹਿਰ ਟੁੱਟਾ ਜਦੋਂ ਨਸ਼ਿਆਂ ਦੇ ਆਦੀ ਵਿਅਕਤੀ ਦੀ ਲਿਵਰ ਡੈਮਿਜ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਤਾ, 4 ਧੀਆਂ, ਪਤਨੀ ਅਤੇ ਜਨਮ ਤੋਂ ਅਪਾਹਿਜ ਪੁੱਤ ਨੂੰ ਛੱਡ ਗਿਆ। ਇਹੀ ਨਹੀਂ ਮ੍ਰਿਤਕ ਦਾ ਇਕ ਭਰਾ ਵੀ ਨਸ਼ੇ ਦਾ ਆਦੀ ਹੋਣ ਕਾਰਨ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਾ ਹੈ। ਇਸ ਗਰੀਬ ਪਰਿਵਾਰ ਦੇ ਇੰਨੇ ਮਾੜੇ ਹਾਲਾਤ ਦੱਸੇ ਜਾ ਰਹੇ ਨੇ ਕਿ ਘਰ ਦੀਆਂ ਔਰਤਾਂ ਜੋ ਵੀ ਲੋਕਾਂ ਦੇ ਘਰਾਂ ਵਿਚ ਕੰਮ ਕਾਰ ਕਰਕੇ ਪੈਸੇ ਲਿਆਉਂਦੀਆਂ ਹਨ, ਉਹ ਘਰ ਦੇ ਗੁਜ਼ਾਰੇ ਅਤੇ ਬਿਮਾਰਾਂ ਦੀ ਦਵਾਈ ‘ਤੇ ਖਰਚ ਹੋ ਜਾਂਦੇ ਹਨ ਹੁਣ ਮ੍ਰਿਤਕ ਦੀ ਪਤਨੀ ਅਤੇ ਦਾਦੀ ਨੂੰ ਜਵਾਨ ਧੀਆਂ ਦਾ ਫਿਕਰ ਵੱਢ-ਵੱਢ ਖਾਣ ਲੱਗਾ ਹੈ ਅਤੇ ਉਨ੍ਹਾਂ ਵੱਲੋਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।

ਮਾਮਲਾ ਫਰੀਦਕੋਟ ਦੇ ਸੁਸਾਇਟੀ ਨਗਰ ਦਾ ਹੈ, ਜਿਥੇ ਰਹਿਣ ਵਾਲੇ ਇਕ ਸ਼ਖਸ ਦੀ ਕਥਿਤ ਨਸ਼ਿਆਂ ਕਾਰਨ ਲਿਵਰ ਖਰਾਬ ਹੋ ਜਾਣ ਦੇ ਚਲਦੇ ਮੌਤ ਹੋ ਗਈ । ਮ੍ਰਿਤਕ ਗੋਰਾ ਸਿੰਘ ਆਪਣੇ ਪਿੱਛੇ 4 ਬੇਟੀਆਂ, ਇਕ ਅਪਾਹਜ ਬੇਟਾ, ਪਤਨੀ ਅਤੇ ਬਿਰਧ ਮਾਤਾ ਨੂੰ ਛੱਡ ਗਿਆ। ਗੱਲਬਾਤ ਕਰਦਿਆਂ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ, ਜੋ ਕਿ ਜੁੜਵਾ ਪੈਦਾ ਹੋਏ ਸਨ। ਉਨ੍ਹਾਂ ਦੱਸਿਆ ਕਿ ਸ਼ੁਰੂ ਵਿਚ ਤਾਂ ਬਹੁਤ ਵਧੀਆ ਸੀ, ਉਹ ਸਾਇਕਲ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਦੇ ਸਨ। ਉਥੋਂ ਹੀ ਉਹ ਨਸ਼ੇ ਪੱਤੇ ਕਰਨ ਲੱਗ ਗਏ ਜਿਸ ਤੋਂ ਬਾਅਦ ਗੋਰਾ ਸਿੰਘ ਜੀਭ ਥੱਲੇ ਰੱਖਣ ਵਾਲੀ ਦਵਾਈ ਖਾਣ ਲੱਗ ਗਿਆ, ਜਿਸ ਕਾਰਨ ਉਸ ਦਾ ਲਿਵਰ ਖਰਾਬ ਹੋ ਗਿਆ ਅਤੇ ਉਸ ਦੀ ਅੱਜ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਉਸ ਦਾ ਦੂਜਾ ਲੜਕਾ ਨਸ਼ਿਆਂ ਕਾਰਨ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕਾ ਹੈ ਅਤੇ ਉਸ ਨੂੰ ਸੰਗਲਾਂ ਨਾਲ ਬੰਨ੍ਹਣਾ ਪੈਂਦਾ ਹੈ, ਨਹੀਂ ਤਾਂ ਉਹ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਦਾ ਹੈ ਅਤੇ ਸਾਰਾ ਦਿਨ ਗਾਲੀ-ਗਲੋਚ ਕਰਦਾ ਰਹਿੰਦਾ ਹੈ।ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਜਿਸ ਲੜਕੇ ਦੀ ਅੱਜ ਮੌਤ ਹੋਈ ਹੈ, ਉਹ ਕਾਫੀ ਸਮੇਂ ਤੋਂ ਮੰਜੇ ‘ਤੇ ਪਿਆ ਸੀ ਅਤੇ ਉਹ ਆਪਣੀਆਂ ਨੂੰਹਾਂ ਅਤੇ ਪੋਤੀਆਂ ਨਾਲ ਮਿਲ ਕੇ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ। ਮ੍ਰਿਤਕ ਦਾ ਇਕ ਲੜਕਾ ਹੈ, ਜੋ ਜਨਮ ਤੋਂ ਹੀ ਅਪਾਹਜ ਹੈ ਅਤੇ ਕੋਈ ਵੀ ਕਿਰਿਆ ਨਹੀਂ ਕਰ ਸਕਦਾ। ਉਸਦੇ ਇਲਾਜ ਅਤੇ ਦੇਖਭਾਲ ਲਈ ਹਮੇਸ਼ਾ ਕੋਈ ਨਾ ਕੋਈ ਉਸ ਪਾਸ ਛੱਡਣਾ ਪੈਂਦਾ ਹੈ। ਘਰ ਦੀ ਹਾਲਤ ਇੰਨੀ ਮਾੜੀ ਹੈ ਕਿ ਕਿਸੇ ਵੇਲੇ ਵੀ ਛੱਤਾਂ ਡਿੱਗ ਸਕਦੀਆਂ ਹਨ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।