ਫਰਜ਼ੀ ਨਿਹੰਗ ਸਿੰਘ ਕਾਬੂ, ਔਰਤ ਨਾਲ ਗੱਡੀ ‘ਚ ਮਾਸ ਤੇ ਸ਼ਰਾਬ ਪੀਂਦੇ ਫੜਿਆ, ਲੋਕਾਂ ਨੇ ਕੀਤੀ ਛਿਤਰ ਪਰੇਡ

0
31

ਫਗਵਾੜਾ, 9 ਨਵੰਬਰ | ਫਗਵਾੜਾ ਜੀ.ਟੀ. ਰੋਡ ‘ਤੇ ਇਕ ਮੀਟ ਸ਼ੌਪ ਦੇ ਬਾਹਰ ਨਿਹੰਗ ਬਾਣੇ ‘ਚ ਬੈਠੇ ਇਕ ਵਿਅਕਤੀ ਨੂੰ ਸਥਾਨਕ ਸਿੱਖ ਜਥੇਬੰਦੀਆਂ ਨੇ ਰੰਗੇ ਹੱਥੀਂ ਫੜ ਲਿਆ, ਜੋ ਇਕ ਔਰਤ ਨਾਲ ਗੱਡੀ ‘ਚ ਮਾਸ ਤੇ ਸ਼ਰਾਬ ਪੀ ਰਿਹਾ ਸੀ। ਗੱਡੀ ‘ਤੇ ‘ਤਰਨਾ ਦਲ ਦੋਆਬਾ ਜਥੇਬੰਦੀ’ ਦਾ ਸਟਿਕਰ ਲਗਿਆ ਹੋਇਆ ਸੀ।

ਮੌਕੇ ‘ਤੇ ਪਹੁੰਚੇ ਸਿੱਖ ਸੇਵਾਦਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਦੂਜੇ ਸ਼ਹਿਰ ਤੋਂ ਕਾਲ ਮਿਲੀ ਸੀ ਕਿ ਇਕ ਸਕਾਰਪਿਓ ਗੱਡੀ ‘ਚ ਬਾਣੇ ਵਾਲਾ ਵਿਅਕਤੀ ਸ਼ਰਾਬ ਤੇ ਮਾਸ ਖਾ ਰਿਹਾ ਹੈ। ਜਦੋਂ ਜਥੇਬੰਦੀ ਦੇ ਮੈਂਬਰ ਮੌਕੇ ‘ਤੇ ਪਹੁੰਚੇ ਤਾਂ ਉਸ ਨੇ ਕਿਰਪਾਨ ਤੇ ਨਕਲੀ ਪਿਸਤੌਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਉਸਦੀ ਕਿਰਪਾਨ ਤੇ ਪਿਸਤੌਲ ਕਵਰ ਛੀਣ ਲਿਆ, ਜਿਸ ‘ਚੋਂ ਇੱਕ ਤਿੱਖਾ ਚਾਕੂ ਬਰਾਮਦ ਹੋਇਆ।

ਭੀੜ ਨੇ ਉਸਦਾ ਨੀਲਾ ਚੋਲਾ ਤੇ ਛੋਟੀ ਕਿਰਪਾਨ ਉਤਾਰ ਦਿੱਤੀ ਤੇ ਮੌਕੇ ‘ਤੇ ਉਸਦੀ ਛਿਤਰ ਪਰੇਡ ਵੀ ਕੀਤੀ। ਵਿਅਕਤੀ ਨੇ ਆਪਣਾ ਨਾਮ ਸੁਰਿੰਦਰ ਸਿੰਘ, ਵਸਨੀਕ ਜ਼ਿਲ੍ਹਾ ਹੋਸ਼ਿਆਰਪੁਰ ਦੱਸਿਆ ਤੇ ਕੈਮਰੇ ਸਾਹਮਣੇ ਆਪਣੀ ਗਲਤੀ ਮੰਨ ਕੇ ਮਾਫ਼ੀ ਮੰਗੀ। ਉਸਨੇ ਕਿਹਾ ਕਿ ਉਸ ਨਾਲ ਬੈਠੀ ਔਰਤ ਉਸਦੀ ਰਿਸ਼ਤੇਦਾਰ ਹੈ, ਜਦਕਿ ਔਰਤ ਨੇ ਖੁਲਾਸਾ ਕੀਤਾ ਕਿ ਉਸਨੂੰ ਇੱਕ ਹੋਰ ਔਰਤ ਨੇ ਪੈਸਿਆਂ ਦੇ ਬਦਲੇ ਉਸਦੇ ਕੋਲ ਭੇਜਿਆ ਸੀ।

ਸਿੱਖ ਜਥੇਬੰਦੀਆਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕੋਈ ਵੀ ਸਿੱਖ ਬਾਣੇ ਦੀ ਬੇਅਦਬੀ ਨਾ ਕਰ ਸਕੇ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਵਿਅਕਤੀ ਨੂੰ ਗੱਡੀ ਸਮੇਤ ਥਾਣੇ ਲਿਜਾਇਆ ਗਿਆ।