ਸੀਬੀਆਈ ਦੀ ਸਪੈਸ਼ਲ ਕੋਰਟ ਨੇ ਸ਼ੁੱਕਰਵਾਰ ਨੂੰ 30 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਨਾਲ ਜੁੜੇ ਮਾਮਲੇ ਵਿੱਚ ਦੋ ਰਿਟਾਇਰਡ ਪੁਲਿਸ ਅਫਸਰਾਂ ਨੂੰ ਕਤਲ, ਸਬੂਤਾਂ ਨੂੰ ਮਿਟਾਉਣ ਸਣੇ ਕਈ ਧਾਰਾਵਾਂ ਤਹਿਤ ਦੋਸ਼ੀ ਠਹਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੋ-ਦੋ ਲੱਖ ਦਾ ਜੁਰਮਾਨਾ ਵੀ ਕੀਤਾ ਗਿਆ।
ਇਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੁਲਿਸ ਥਾਣਾ ਮਹਿਤਾ ਦੇ ਤਤਕਾਲੀ ਵਧੀਕ ਐੱਸ.ਐੱਚ.ਓ. ਕਿਸ਼ਨ ਸਿੰਘ ਤੇ ਐੱਸ.ਆਈ. ਤਰਸੇਮ ਲਾਲ ਸ਼ਾਮਲ ਹਨ, ਜਦਕਿ ਮਾਮਲੇ ਦੇ ਮੁੱਖ ਦੋਸ਼ੀ ਐੱਸ.ਐੱਚ.ਓ. ਇੰਸਪੈਕਟਰ ਰਾਜਿੰਦਰ ਸਿੰਘ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਸੀਬੀਆਈ ਨੇ ਇਸ ਮਾਮਲੇ ਵਿੱਚ ਕੁਲ 9 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਤੱਤਕਾਲੀ ਡੀਐੱਸਪੀ/ਸੇਵਾ-ਮੁਕਤ ਆਈਪੀਐੱਸ ਬਲਕਾਰ ਸਿੰਘ, ਥਾਣਾ ਮੁਖੀ ਊਧਮ ਸਿੰਘ ਤੇ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਤਿੰਨ-ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
ਇਹ ਹੈ ਮਾਮਲਾ
7 ਮਈ 1992 ਨੂੰ ਤਤਕਾਲੀ ਡੀਐੱਸਪੀ ਬਲਕਾਰ ਸਿੰਘ, ਐੱਸਐੱਚਓ ਊਧਮ ਸਿੰਘ ਤੇ ਏਐੱਸਆਈ ਸਤਵੰਤ ਸਿੰਘ ਨੇ ਪੁਲਿਸ ਪਾਰਟੀ ਨਾਲ ਅੰਮ੍ਰਿਤਸਰ ਦੇ ਪਿੰਡ ਭੋਰਸੀ ਰਾਜਪੂਤਾਂ ਦੀ ਘੇਰਾਬੰਦੀ ਕੀਤੀ ਸੀ। ਦੇਰ ਸ਼ਾਮ 7 ਵਜੇ ਪੁਲਿਸ ਪਿੰਡ ਦੇ ਹੀ ਤਿੰਨ ਵਿਅਕਤੀਆਂ ਸੁਰਜੀਤ ਸਿੰਘ, ਜਤਿੰਦਰ ਸਿੰਘ ਤੇ ਪਰਮਜੀਤ ਸਿੰਘ ਨੂੰ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਜੰਡਿਆਲਾ ਗੁਰੂ ਥਾਣੇ ਲੈ ਗਈ।
ਜਤਿੰਦਰ ਸਿੰਘ ਨੂੰ 15 ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ। ਚਾਰ ਮਹੀਨੇ ਬਾਅਦ ਪਰਮਜੀਤ ਸਿੰਘ ਨੂੰ ਵੀ ਜ਼ਮਾਨਤ ਮਿਲ ਗਈ, ਪਰ ਸੁਰਜੀਤ ਸਿੰਘ ਘਰ ਨਹੀਂ ਪਰਤਿਆ।
ਪਰਿਵਾਰ ਨੇ ਦੋਸ਼ ਲਾਏ ਸਨ ਕਿ ਪੁਲਿਸ ਨੇ ਸੁਰਜੀਤ ’ਤੇ ਉਸ ਦੇ ਸਾਥੀਆਂ ਦੇ ਸਾਹਮਣੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ। ਉਸ ਦੀ ਹਾਲਤ ਬਹੁਤ ਖ਼ਰਾਬ ਸੀ। ਪੁਲਿਸ ਉਸ ਨੂੰ ਹਸਪਤਾਲ ਲਿਜਾਣ ਦੀ ਗੱਲ ਕਹਿ ਕੇ ਆਪਣੇ ਨਾਲ ਲੈ ਗਈ। ਇਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗਾ।
ਸੁਰਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਸਾਲ 1996 ’ਚ ਹਾਈ ਕੋਰਟ ’ਚ ਇਨਸਾਫ਼ ਲਈ ਪਟੀਸ਼ਨ ਦਾਖ਼ਲ ਕੀਤੀ ਸੀ। 2003 ਵਿੱਚ ਹਾਈਕੋਰਟ ਨੇ ਇਹ ਮਾਮਲਾ ਸੀਬੀਆਈ ਦੇ ਹਵਾਲੇ ਕਰ ਦਿੱਤਾ। ਸੀਬੀਆਈ ਦੀ ਜਾਂਚ ਮੁਤਾਬਕ ਸੁਰਜੀਤ ਸਿੰਘ ਨੂੰ ਫਰਜ਼ੀ ਐਨਕਾਊਂਟਰ ਕਰਕੇ ਮਾਰ ਦਿੱਤਾ ਗਿਆ ਸੀ ਤੇ ਲਾਸ਼ ਖ਼ੁਰਦ-ਬੁਰਦ ਕਰ ਦਿੱਤੀ ਗਈ ਅਤੇ ਆਪਣੇ ਬਚਾਅ ਲਈ ਪੁਲਿਸ ਨੇ ਸੁਰਜੀਤ ਖ਼ਿਲਾਫ਼ ਝੂਠੀ ਐੱਫਆਈਆਰ ਦਰਜ ਕਰਕੇ ੳਸ ਨੂੰ ਭਗੌੜਾ ਦੱਸਿਆ ਸੀ।