ਖੰਨਾ, 11 ਅਗਸਤ| ਜੰਮੂ ਤੋਂ ਤਿੰਨ ਦਿਨ ਪਹਿਲਾਂ ਫੜਿਆ ਗਿਆ ਪੰਜਾਬ ਪੁਲਿਸ ਦਾ ਫਰਜ਼ੀ ਡੀਐਸਪੀ ਲੁਧਿਆਣਾ ਦੇ ਖੰਨਾ ਦਾ ਰਹਿਣ ਵਾਲਾ ਨਿਕਲਿਆ। ਮੁਲਜ਼ਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਨਵੀਰ ਸ਼ਰਮਾ ਹੈ। ਜੋ ਖੰਨਾ ਦੇ ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਕੱਦੋਂ ਦਾ ਰਹਿਣ ਵਾਲਾ ਹੈ।
8 ਅਗਸਤ ਨੂੰ ਕਰਨਵੀਰ ਪੰਜਾਬ ਪੁਲਿਸ ਦੇ ਡੀਐਸਪੀ ਵਜੋਂ ਆਪਣੇ ਦੋਸਤ ਨਾਲ ਜੰਮੂ ਦੇ ਨਹਿਰੂ ਪਾਰਕ ਵਿੱਚ ਘੁੰਮ ਰਿਹਾ ਸੀ। ਉਸ ਦਾ ਦੋਸਤ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ। ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ। ਜਿਸ ਤੋਂ ਬਾਅਦ ਸ਼੍ਰੀਨਗਰ ਪੁਲਸ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੋਸ਼ੀ ਕਰਨਵੀਰ ਨੇ ਪਹਿਲਾਂ ਵੀ ਗੰਨਮੈਨ ਲੈਣ ਲਈ ਆਪਣੇ ਜਿਮ ਪਾਰਟਨਰ ਤੋਂ ਧਮਕੀਆਂ ਮਿਲਣ ਦਾ ਡਰਾਮਾ ਕੀਤਾ ਸੀ। ਹਾਲਾਂਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਨੇ ਡਰਾਮਾ ਕੀਤਾ ਸੀ। ਸ੍ਰੀਨਗਰ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਸੁਤੰਤਰਤਾ ਦਿਵਸ ਅਤੇ ਅਮਰਨਾਥ ਯਾਤਰਾ ਨਾਲ ਜੋੜ ਕੇ ਜਾਂਚ ਕਰ ਰਹੀ ਹੈ ਕਿ ਉਹ ਇੱਥੇ ਕੀ ਕਰਨ ਆਏ ਸਨ। ਕੀ ਉਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ? ਮੁਲਜ਼ਮ ਕਰਨਵੀਰ ਦਾ ਪਰਿਵਾਰ ਵੀ ਕਬੱਡੀ ਲਈ ਮਸ਼ਹੂਰ ਰਿਹਾ ਹੈ।
ਦੱਸ ਦਈਏ ਕਿ ਸ਼੍ਰੀਨਗਰ ਪੁਲਸ ਮੁਤਾਬਕ ਬੁੱਧਵਾਰ ਦੇਰ ਰਾਤ ਡਲ ਝੀਲ ਦੇ ਕੰਢੇ ਨਹਿਰੂ ਪਾਰਕ ਨੇੜੇ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਦੋਵਾਂ ਦੋਸ਼ੀਆਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ। ਦੋਵੇਂ ਪੁਲਿਸ ਦੀ ਵਰਦੀ ਵਿੱਚ ਸਨ। ਸ਼ੱਕ ਪੈਣ ’ਤੇ ਪੁਲੀਸ ਮੁਲਾਜ਼ਮਾਂ ਨੇ ਉਸ ਕੋਲੋਂ ਪੁੱਛਗਿੱਛ ਕੀਤੀ। ਦੋਵਾਂ ਨੇ ਪਹਿਲਾਂ ਤਾਂ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਿਆ ਪਰ ਜਦੋਂ ਉਨ੍ਹਾਂ ਕੋਲੋਂ ਉਨ੍ਹਾਂ ਦੇ ਸ਼ਨਾਖਤੀ ਕਾਰਡ ਅਤੇ ਹੋਰ ਦਸਤਾਵੇਜ਼ ਮੰਗੇ ਗਏ ਤਾਂ ਉਨ੍ਹਾਂ ਨੇ ਪੁੱਠੇ-ਸਿੱਧੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੋਵਾਂ ਨੂੰ ਨਹਿਰੂ ਪਾਰਕ ਥਾਣੇ ਲਿਜਾਇਆ ਗਿਆ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕੁਝ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਖੰਨਾ ਦੇ ਦੋਰਾਹਾ ‘ਚ ਕਰਨਵੀਰ ਸ਼ਰਮਾ ਦਾ ਡਰਾਮਾ ਪਹਿਲਾਂ ਵੀ ਸਾਹਮਣੇ ਆਇਆ ਸੀ। ਗੰਨਮੈਨ ਨੂੰ ਲੈਣ ਲਈ ਉਸ ਨੇ ਫਰਜ਼ੀ ਕਾਲ ਕੀਤੀ, ਫਿਰੌਤੀ ਮੰਗੀ ਅਤੇ ਧਮਕੀਆਂ ਦਿੱਤੀਆਂ। ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਕਰਨਵੀਰ ਵਾਸੀ ਕੱਦੋਂ ਜਿੰਮ ਜਾਂਦਾ ਸੀ। ਲਵਪ੍ਰੀਤ ਸਿੰਘ ਉਸ ਨਾਲ ਜਿੰਮ ਵਿੱਚ ਹੀ ਕਸਰਤ ਕਰਦਾ ਸੀ। ਕਰਨਵੀਰ ਸਿੰਘ ਨੇ ਲਵਪ੍ਰੀਤ ਨੂੰ ਵਟਸਐਪ ‘ਤੇ ਕਾਲ ਕਰਕੇ ਧਮਕੀਆਂ ਦਿੱਤੀਆਂ। ਜਿਸ ਤੋਂ ਬਾਅਦ ਕਰਨਵੀਰ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਕਿਹਾ ਸੀ ਕਿ ਉਸਦੀ ਜਾਨ ਨੂੰ ਖ਼ਤਰਾ ਹੈ। ਉਹ ਪੁਲਿਸ ਵਿਭਾਗ ਤੋਂ ਗੰਨਮੈਨ ਲੈਣਾ ਚਾਹੁੰਦਾ ਸੀ। ਇਸ ਸ਼ਿਕਾਇਤ ਦੀ ਜਾਂਚ ਸੀ.ਆਈ.ਏ ਖੰਨਾ ਵੱਲੋਂ ਕੀਤੀ ਗਈ। ਪੁਲਿਸ ਦੀ ਤਕਨੀਕੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਜਿਸ ਨੰਬਰ ਤੋਂ ਧਮਕੀ ਦਿੱਤੀ ਗਈ ਸੀ, ਉਹ ਲਵਪ੍ਰੀਤ ਸਿੰਘ ਦਾ ਵਿਦੇਸ਼ੀ ਨੰਬਰ ਸੀ। ਲਵਪ੍ਰੀਤ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਕਰਨਵੀਰ ਨੇ ਉਸ ਨੂੰ ਜ਼ਬਰਦਸਤੀ ਅਜਿਹਾ ਕਰਨ ਲਈ ਮਜ਼ਬੂਰ ਕੀਤਾ ਸੀ। ਇਸ ਤੋਂ ਬਾਅਦ ਜਨਵਰੀ 2024 ਵਿੱਚ ਦੋਰਾਹਾ ਥਾਣੇ ਵਿੱਚ ਕਰਨਵੀਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਜੰਮੂ ਪੁਲਿਸ ਤੋਂ ਅਜਿਹੀ ਕੋਈ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਤੋਂ ਜੋ ਵੀ ਜਾਣਕਾਰੀ ਮੰਗੀ ਜਾਵੇਗੀ, ਉਹ ਜ਼ਰੂਰ ਦੇਣਗੇ। ਪੰਜਾਬ ਪੁਲਿਸ ਜਾਂਚ ਵਿੱਚ ਪੂਰਾ ਸਹਿਯੋਗ ਦੇਵੇਗੀ।