ਅੰਮ੍ਰਿਤਸਰ (ਨਰਿੰਦਰ ਕੁਮਾਰ ਚੂਹੜ) | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਮੰਦਭਾਗੀ ਘਟਨਾ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇਕੱਤਰਤਾ ਕੀਤੀ ਗਈ, ਜਿਸ ਦੌਰਾਨ ਵੱਖ-ਵੱਖ ਸਿੱਖ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ, ਉਥੇ ਹੀ ਇਕਜੁਟ ਹੋ ਕੇ ਪੰਥ ਵਿਰੋਧੀਆਂ ਨੂੰ ਮਾਤ ਦੇਣ ਦੀ ਵਚਨਬੱਧਤਾ ਪ੍ਰਗਟਾਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਇਸ ਇਕੱਤਰਤਾ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਇਕਮਤ ਹੋ ਕੇ ਐਲਾਨ ਕੀਤਾ ਕਿ ਪੰਥ ਵਿਰੋਧੀ ਸ਼ਕਤੀਆਂ ਦਾ ਮੁਕਾਬਲਾ ਇਕਜੁਟ ਹੋ ਕੇ ਕੀਤਾ ਜਾਵੇਗਾ। ਪੰਥਕ ਇਕੱਠ ਵੱਲੋਂ ਮਹਿਸੂਸ ਕੀਤਾ ਗਿਆ ਕਿ ਹੁਣ ਸਿੱਖ ਪੰਥ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ, ਇਸ ਲਈ ਸਰਕਾਰਾਂ ਨੂੰ ਸਮਾਂ ਰਹਿੰਦਿਆਂ ਸੰਭਲ ਜਾਣਾ ਚਾਹੀਦਾ ਹੈ। ਬੁਲਾਰਿਆਂ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਘਟਨਾ ਨੇ ਸਿੱਖ ਕੌਮ ਨੂੰ ਡੂੰਘੀ ਮਾਨਸਿਕ ਪੀੜਾ ਦਿੱਤੀ ਹੈ ਅਤੇ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਅਜਿਹੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਜਾਵੇ।
ਇਕੱਤਰਤਾ ਦੌਰਾਨ ਇਹ ਮਹਿਸੂਸ ਕੀਤਾ ਗਿਆ ਕਿ ਸਰਕਾਰਾਂ ਦੀ ਨਾਕਾਮੀ ਕਾਰਨ ਬੇਅਦਬੀ ਕਰਨ ਵਾਲੇ ਲੋਕਾਂ ਦੇ ਹੌਂਸਲੇ ਵੱਧ ਰਹੇ ਹਨ, ਪਰ ਸਿੱਖ ਪੰਥ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਸਰਕਾਰ ਵੱਲੋਂ ਕਿਸੇ ਵੀ ਦੋਸ਼ੀ ਨੂੰ ਸਖ਼ਤ ਸਜ਼ਾ ਤੱਕ ਨਾ ਲੈ ਕੇ ਜਾਣ ਕਾਰਨ ਸੰਗਤ ਦਾ ਕਾਨੂੰਨ ਅਤੇ ਸਰਕਾਰੀ ਤੰਤਰ ਤੋਂ ਵਿਸ਼ਵਾਸ ਉੱਠ ਚੁੱਕਾ ਹੈ, ਇਸ ਲਈ ਸਿੱਖ ਪੰਥ ਆਪ ਫੈਸਲਾ ਲੈਣ ਲਈ ਮਜ਼ਬੂਰ ਹੋ ਰਿਹਾ ਹੈ।
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਤੋਂ ਇਲਾਵਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਦਮਦਮੀ ਟਕਸਾਲ ਵੱਲੋਂ ਬਾਬਾ ਸੁਖਦੇਵ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਭਾਈ ਜਤਿੰਦਰ ਸਿੰਘ ਕੈਲੇਫੋਰਨੀਆ, ਬਾਬਾ ਗੁਰਦਿਆਲ ਸਿੰਘ ਟਾਂਡਾ, ਬਾਬਾ ਹਰਦੇਵ ਸਿੰਘ ਤਲਵੰਡੀ ਰਾਈਆਂ, ਬਾਬਾ ਅਮੀਰ ਸਿੰਘ ਨਾਨਕਸਰ ਸੰਪ੍ਰਦਾ, ਬਾਬਾ ਜਗਜੀਤ ਸਿੰਘ ਲੋਪੋ ਵਾਲੇ, ਬੀਬੀ ਕਿਰਨਜੋਤ ਕੌਰ, ਮਹੰਤ ਰਵਿੰਦਰ ਦਾਸ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਵਚਨਬੱਧਤਾ ਪ੍ਰਗਟਾਈ ਕਿ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ, ਇਸ ਦਾ ਹਰ ਪੱਧਰ ’ਤੇ ਜਥੇਬੰਦੀਆਂ ਸਹਿਯੋਗ ਕਰਨਗੀਆਂ।
ਇਸ ਮੌਕੇ ਬੇਅਦਬੀਆਂ ਦੇ ਚਲਨ ਨੂੰ ਲੈ ਕੇ ਕੁਝ ਮਤੇ ਵੀ ਪਾਸ ਕੀਤੇ ਗਏ। ਇਹ ਮਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ ਤੇ ਸ. ਭਗਵੰਤ ਸਿੰਘ ਸਿਆਲਕਾ ਨੇ ਪੜ੍ਹੇ ਅਤੇ ਹਾਜ਼ਰ ਇਕੱਠ ਨੇ ਇਨ੍ਹਾਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਪਾਸ ਕੀਤੇ ਗਏ ਮਤਿਆਂ ਵਿਚ ਕਿਹਾ ਗਿਆ ਕਿ ਬੇਅਦਬੀ ਦੀਆਂ ਘਟਨਾਵਾਂ ਯੋਜਨਾਬਧ ਢੰਗ ਨਾਲ ਪੰਥ ਦੋਖੀਆਂ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਦੁੱਖ ਦੀ ਗੱਲ ਹੈ ਕਿ ਬੇਅਦਬੀ ਕਰਨ ਵਾਲੇ ਫੜ੍ਹੇ ਗਏ ਦੋਸ਼ੀਆਂ ਪਿੱਛੇ ਕੰਮ ਕਰਦੇ ਮਾਸਟਰਮਾਈਂਡ ਅਜੇ ਤੱਕ ਨਹੀਂ ਲੱਭੇ ਜਾ ਸਕੇ ਅਤੇ ਕਿਸੇ ਵੀ ਦੋਸ਼ੀ ਨੂੰ ਮਿਸਾਲੀ ਸਜ਼ਾ ਨਹੀਂ ਦਿੱਤੀ ਗਈ। ਸਰਕਾਰਾਂ ਦੇ ਇਸ ਵਤੀਰੇ ਕਾਰਨ ਬੇਅਦਬੀ ਕਰਨ ਵਾਲੇ ਲੋਕਾਂ ਦੇ ਹੌਂਸਲੇ ਦਿਨੋ-ਦਿਨ ਵੱਧ ਰਹੇ ਹਨ। ਇਸ ਦੌਰਾਨ ਕਿਹਾ ਗਿਆ ਕਿ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਸਾਜ਼ਿਸ਼ਾਂ ਲਈ ਜ਼ਮੀਨ ਤਿਆਰ ਹੋ ਰਹੀ ਹੈ, ਪਰ ਸਰਕਾਰਾਂ ਇਸ ਨੂੰ ਹੌਲੇ ਵਿਚ ਲੈ ਰਹੀਆਂ ਹਨ। ਇਕੱਠ ਨੇ ਮਤਿਆਂ ਰਾਹੀਂ ਅਪੀਲ ਕੀਤੀ ਕਿ ਹਰ ਸਿੱਖ ਦੋਖੀ ਤਾਕਤਾਂ ਦੇ ਮਨਸੂਬਿਆਂ ਨੂੰ ਬੇਨਕਾਬ ਕਰਨ ਲਈ ਆਪਣਾ ਫ਼ਰਜ਼ ਪਛਾਣੇ। ਜਿਥੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਮੋਹਰਿਆਂ ਨੂੰ ਸਜ਼ਾ ਦਿਵਾਉਣੀ ਜ਼ਰੂਰੀ ਹੈ, ਉਥੇ ਹੀ ਬੇਅਦਬੀ ਦੇ ਸਾਜ਼ਿਸ਼-ਕਰਤਾਵਾਂ ਤੱਕ ਪਹੁੰਚਣਾ ਇਸ ਤੋਂ ਵੀ ਲਾਜ਼ਮੀ ਹੈ। ਪੰਥਕ ਇਕੱਠ ਵੱਲੋਂ ਪਾਸ ਕੀਤੇ ਗਏ ਮਤਿਆਂ ਵਿਚ ਪੰਥਕ ਏਕਤਾ ਅਤੇ ਇਕਸੁਰਤਾ ਨੂੰ ਮਜ਼ਬੂਤ ਕਰਨ ਦਾ ਵੀ ਸੱਦਾ ਦਿੱਤਾ ਗਿਆ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਦੇ ਮੱਦੇਨਜ਼ਰ ਸੰਗਤਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਇਸ ਮੌਕੇ ਬਾਬਾ ਨਾਗਰ ਸਿੰਘ ਤਰਨਾ ਦਲ ਵੱਲੋਂ ਪੇਸ਼ ਕੀਤੇ ਗਏ ਮਤੇ ਵਿਚ ਸ਼੍ਰੋਮਣੀ ਕਮੇਟੀ ਨਾਲ ਹਰ ਪੱਧਰ ’ਤੇ ਖੜ੍ਹਨ ਦਾ ਐਲਾਨ ਕੀਤਾ ਗਿਆ। ਕਿਹਾ ਗਿਆ ਕਿ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਸਨਮੁਖ ਜੋ ਵੀ ਪੰਥਕ ਪ੍ਰੋਗਰਾਮ ਉਲੀਕਿਆ ਜਾਵੇਗਾ, ਉਸ ਨੂੰ ਸਾਰੀਆਂ ਸਿੱਖ ਸੰਪ੍ਰਦਾਵਾਂ ਅਤੇ ਜਥੇਬੰਦੀਆਂ ਅਮਲੀ ਜਾਮਾ ਪਹਿਨਾਉਣ ਲਈ ਮੋਹਰੀ ਰਹਿਣਗੀਆਂ।
ਇਕੱਤਰਤਾ ’ਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਗੱਜਣ ਸਿੰਘ ਬਾਬਾ ਬਕਾਲਾ, ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ, ਬਾਬਾ ਸਤਨਾਮ ਸਿੰਘ ਕਾਰਸੇਵਾ ਸ੍ਰੀ ਅਨੰਦਪੁਰਪੁਰ ਸਾਹਿਬ, ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਵੱਲੋਂ ਬਾਬਾ ਅਵਨੀਤ ਸਿੰਘ, ਬਾਬਾ ਜਗਜੀਤ ਸਿੰਘ ਲੋਪੋ, ਬਾਬਾ ਇਕਬਾਲ ਸਿੰਘ ਅਕਾਲਗੜ੍ਹ, ਬਾਬਾ ਹਰੀ ਸਿੰਘ ਤੇ ਬਾਬਾ ਅਵਤਾਰ ਸਿੰਘ ਕਾਰਸੇਵਾ ਭੂਰੀਵਾਲੇ, ਬਾਬਾ ਜੋਗਿੰਦਰ ਸਿੰਘ ਕੈਲੇਫੋਨੀਆ, ਭਾਈ ਕਵਰਚੜ੍ਹਤ ਸਿੰਘ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਸ. ਸਰਵਨ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ, ਗੁਰਦੁਆਰਾ ਯਾਦਗਾਰ ਸ਼ਹੀਦਾਂ ਅਗਵਾਨ ਦੇ ਮੁਖੀ ਬਾਬਾ ਸੁਖਵਿੰਦਰ ਸਿੰਘ ਅਗਵਾਨ, ਭਾਈ ਮਧੂਪਾਲ ਸਿੰਘ ਮੋਗਾ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ, ਬਾਬਾ ਮਹਿੰਦਰ ਸਿੰਘ ਕਾਰਸੇਵਾ ਤਰਨ ਤਾਰਨ, ਦਮਦਮੀ ਟਕਸਾਲ ਤੋਂ ਬਾਬਾ ਸੁਖਦੇਵ ਸਿੰਘ, ਬਾਬਾ ਮਹਾਵੀਰ ਸਿੰਘ ਤਾਜੇਵਾਲ, ਬਾਬਾ ਸਰਦਾਰਾ ਸਿੰਘ ਗੁਰੂ ਕਾ ਬਾਗ, ਬਾਬਾ ਘੋਲਾ ਸਿੰਘ ਵੱਲੋਂ ਬਾਬਾ ਚਰਨਜੀਤ ਸਿੰਘ ਸਰਹਾਲੀ ਵਾਲੇ, ਸ. ਹਰਜਿੰਦਰ ਸਿੰਘ ਮੁੱਖ ਸਲਾਹਕਾਰ ਬੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਬਾਬਾ ਸੁੱਖਾ ਸਿੰਘ ਕਾਰਸੇਵਾ ਸਰਹਾਲੀ, ਬਾਬਾ ਗੁਰਦੇਵ ਸਿੰਘ ਭਗਤਾਂ ਦਾ ਡੇਰਾ ਅੰਮ੍ਰਿਤਸਰ, ਬਾਬਾ ਪ੍ਰਿਤਪਾਲ ਸਿੰਘ ਮਿੱਠਾ ਟਿਵਾਣਾ, ਮਹੰਤ ਰਮਿੰਦਰ ਦਾਸ, ਬਾਬਾ ਗੁਰਦਿਆਲ ਸਿੰਘ ਟਾਂਡਾ ਹੁਸ਼ਿਆਰਪੁਰ, ਬਾਬਾ ਜੋਗਾ ਸਿੰਘ ਰਾਮੂਖੇੜਾ ਹੁਸ਼ਿਆਰਪੁਰ, ਬਾਬਾ ਗੁਰਪ੍ਰੀਤ ਸਿੰਘ ਹੁਸ਼ਿਆਰਪੁਰ, ਬਾਬਾ ਹਰਜਿੰਦਰ ਸਿੰਘ ਬਲਾਚੋਰ, ਬਾਬਾ ਤਰਲੋਕ ਸਿੰਘ ਤਰਨਾ ਦਲ ਖਿਆਲਾ, ਬਾਬਾ ਗੁਰਜੀਤ ਸਿੰਘ ਕਾਰਸੇਵਾ ਖਡੂਰ ਸਾਹਿਬ, ਬਾਬਾ ਸੁਬੇਗ ਸਿੰਘ ਡੇਰਾ ਕਾਰਸੇਵਾ ਗੋਇੰਦਵਾਲ ਸਾਹਿਬ, ਬਾਬਾ ਮੇਜਰ ਸਿੰਘ ਤਰਨਾ ਦਲ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਮੇਜਰ ਸਿੰਘ ਲੁਧਿਆਣਾ, ਬਾਬਾ ਰਘਬੀਰ ਸਿੰਘ ਖਿਆਲੇ ਵਾਲੇ, ਬਾਬਾ ਹਰਦੇਵ ਸਿੰਘ ਤਲਵੰਡੀ ਕਾਦੀਆਂ, ਬਾਬਾ ਦਵਿੰਦਰ ਸਿੰਘ, ਬਾਬਾ ਗੁਰਦਿੱਤ ਸਿੰਘ, ਬਾਬਾ ਦਲਬੀਰ ਸਿੰਘ ਗੁਰੂ ਕਾ ਬਾਗ, ਬਾਬਾ ਗੁਰਬਖ਼ਸ਼ ਸਿੰਘ ਨਿਰਮਲ ਕੁਟੀਆ ਤਰਨ ਤਾਰਨ, ਬਾਬਾ ਜੋਰਾ ਸਿੰਘ ਬਧਨੀ ਕਲਾਂ ਮੋਗਾ, ਬਾਬਾ ਅਮੀਰ ਸਿੰਘ ਜਵੱਦੀ ਕਲਾ, ਬਾਬਾ ਅਮਰੀਕ ਸਿੰਘ ਕਾਰਸੇਵਾ ਪਟਿਆਲਾ, ਬਾਬਾ ਸ਼ਿੰਦਾ ਸਿੰਘ, ਬਾਬਾ ਸਰਬੰਸ ਸਿੰਘ ਜਲਾਲਾਬਾਦ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ ਆਦਿ ਮੌਜੂਦ ਸਨ।





































