ਦਰਿੰਦਗੀ ਦੀ ਹੱਦ : ਨਬਾਲਗ ਬੇਟੇ ਨੇ ਨਹੀਂ ਕੀਤਾ ਹੋਮਵਰਕ ਤਾਂ ਪਿਤਾ ਨੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜਿਆ

0
637

ਕਰਾਚੀ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਰਾਚੀ ਸ਼ਹਿਰ ‘ਚ ਇਕ ਪਿਤਾ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਿਤਾ ਨੇ ਹੋਮਵਰਕ ਨਾ ਕਰਨ ‘ਤੇ ਆਪਣੇ ਬੇਟੇ ਨੂੰ ਅੱਗ ਲਗਾ ਕੇ ਮਾਰ ਦਿੱਤਾ। ਵਿਅਕਤੀ ਵੱਲੋਂ ਆਪਣੇ ਨਾਬਾਲਗ ਬੇਟੇ ਨੂੰ ਕਥਿਤ ਤੌਰ ‘ਤੇ ਅੱਗ ਲਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 14 ਸਤੰਬਰ ਦੀ ਹੈ ਜਦੋਂ ਮੁਲਜ਼ਮ ਪਿਤਾ ਨਜ਼ੀਰ ਨੇ ਰਈਸ ਅਮਰੋਵੀ ਕਲੋਨੀ ਵਿਚ ਆਪਣੇ 12 ਸਾਲਾ ਬੇਟੇ ਸ਼ਹੀਰ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਸੀ।

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਨੂੰ ਗੰਭੀਰ ਰੂਪ ਨਾਲ ਝੁਲਸਣ ਤੋਂ ਬਾਅਦ ਨੇੜੇ ਦੇ ਸਿੰਧ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਕਰਾਚੀ ਦੇ ਹੀ ਸਿਵਲ ਹਸਪਤਾਲ (ਸੀ.ਐੱਚ.ਕੇ.) ਦੇ ਬਰਨ ਸੈਂਟਰ ਲਈ ਰੈਫ਼ਰ ਕਰ ਦਿੱਤਾ ਗਿਆ। ਬਰਨ ਸੈਂਟਰ ਵਿਚ ਇਲਾਜ ਦੌਰਾਨ ਸ਼ਹੀਰ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ‘ਤੇ ਪਿਤਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਮੁੱਢਲੀ ਜਾਂਚ ਦੌਰਾਨ ਮੁਲਜ਼ਮ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦਾ ਪੁੱਤਰ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਡਰਾਉਣ ਲਈ ਉਸ ‘ਤੇ ਮਿੱਟੀ ਦਾ ਤੇਲ ਛਿੜਕਿਆ ਸੀ ਕਿਉਂਕਿ ਉਹ ਸਕੂਲ ਦਾ ਹੋਮਵਰਕ ਨਹੀਂ ਕਰ ਰਿਹਾ ਸੀ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਬੇਟੇ ਨੂੰ ਡਰਾਉਣ ਲਈ ਮਾਚਿਸ ਬਾਲੀ ਸੀ ਪਰ ਤੇਲ ਵਿਚ ਅੱਗ ਲੱਗ ਗਈ ਅਤੇ ਉਹ ਬੁਰੀ ਤਰ੍ਹਾਂ ਸੜ ਗਿਆ। ਸੋਮਵਾਰ ਨੂੰ ਨਿਆਂਇਕ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤੇ ਜਾਣ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਪਿਤਾ ਨੂੰ 24 ਸਤੰਬਰ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ।