ਪੰਜਾਬ ‘ਚ ਝੋਨਾ ਖਰੀਦਣ ਦਾ ਵਧਿਆ ਸਮਾਂ, ਦਸੰਬਰ ਦੀ ਇਸ ਤਰੀਕ ਤੱਕ ਮੰਡੀਆਂ ‘ਚ ਕਿਸਾਨ ਵੇਚ ਸਕਣਗੇ ਫਸਲ

0
507

ਚੰਡੀਗੜ੍ਹ, 1 ਦਸੰਬਰ | ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਹੁਣ 7 ਦਸੰਬਰ ਤੱਕ ਹੋਵੇਗੀ। ਕੇਂਦਰੀ ਖਾਧ ਤੇ ਜਨਤਕ ਵੰਡ ਮੰਤਰਾਲੇ ਨੇ ਇਸ ਸਾਲ ਜੁਲਾਈ ਵਿਚ ਆਏ ਹੜ੍ਹ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਅਸਲ ਵਿਚ ਸੂਬੇ ਦੇ ਕੁਝ ਹਿੱਸਿਆਂ ਵਿਚ ਬੁਆਈ ਵਿਚ ਦੇਰੀ ਕਾਰਨ ਝੋਨੇ ਨੂੰ ਪਕਣ ਵਿਚ ਸਮਾਂ ਲੱਗਾ ਹੈ। ਸੂਬਾ ਸਰਕਾਰ ਦੀ ਅਪੀਲ ਨੂੰ ਸਵੀਕਾਰ ਕਰਕੇ ਕੇਂਦਰ ਨੇ ਖਰੀਦ ਦਾ ਸਮਾਂ ਇਕ ਹਫਤਾ ਹੋਰ ਵਧਾ ਦਿੱਤਾ ਹੈ।

ਹੁਣ DFPD ਤੋਂ ਸਰਕਾਰ 7 ਦਸੰਬਰ ਤੱਕ ਫਸਲ ਖਰੀਦੇਗੀ। ਦੱਸ ਦਈਏ ਕਿ ਭਾਰਤ ਸਰਕਾਰ ਦੇ ਉਪਭੋਗਤਾ ਮਾਮਲੇ, ਖਾਧ ਤੇ ਜਨਤਕ ਵੰਡ ਮੰਤਰਾਲੇ ਵੱਲੋਂ 30 ਨਵੰਬਰ 2023 ਤੱਕ ਝੋਨੇ ਦੀ ਖਰੀਦ ਦੀ ਮਿਆਦ ਰੱਖੀ ਗਈ ਸੀ ਪਰ ਸੂਬਾ ਸਰਕਾਰ ਦੀ ਅਪੀਲ ਤੋਂ ਬਾਅਦ ਏਜੰਸੀ ਨੇ ਫੈਸਲਾ ਲਿਆ।

ਪੰਜਾਬ ਦੇ ਖਾਧ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਨੂੰ ਲੈ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਭਾਗ ਨੂੰ ਝੋਨੇ ਦੀ ਖਰੀਦ ਦੀ ਮਿਆਦ ਵਧਾਉਣ ਲਈ ਮਾਮਲਾ ਡੀਐੱਫਪੀਡੀ ਨੂੰ ਭੇਜ ਦਿੱਤਾ। ਸੂਬੇ ਦੇ ਕੁਝ ਹਿੱਸਿਆਂ ਵਿਚ ਅਜੇ ਵੀ ਕਟਾਈ ਨੂੰ ਲਗਭਗ 6 ਤੋਂ 7 ਦਿਨ ਦਾ ਸਮਾਂ ਲੱਗ ਸਕਦਾ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ ਕੇਂਦਰੀ ਖਾਧ ਏਜੰਸੀ ਨੂੰ ਅਪੀਲ ਕੀਤੀ ਸੀ। ਦੂਜੇ ਪਾਸੇ ਮੰਤਰੀ ਕਟਾਰੂਚੱਕ ਨੇ ਕੇਂਦਰ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ 2023-24 ਦੌਰਾਨ ਹੁਣ ਤੱਕ ਸੂਬੇ ਭਰ ਵਿਚ ਲਗਭਗ 185 ਲੱਖ ਮੀਟ੍ਰਿਕ ਟਨ ਝੋਨ ਦੀ ਖਰੀਦ ਕੇਂਦਰ ਵੱਲੋਂ ਕੀਤੀ ਜਾ ਚੁੱਕੀ ਹੈ। ਜ਼ਿਆਦਾਤਰ ਪੈਸੇ ਕਿਸਾਨਾਂ ਦੇ ਖਾਤਿਆਂ ਵਿਚ ਭੇਜੇ ਜਾ ਚੁੱਕੇ ਹਨ ਤੇ ਜਲਦ ਬਾਕੀਆਂ ਦੇ ਖਾਤਿਆਂ ਵਿਚ ਪੈਸੇ ਭੇਜ ਦਿੱਤੇ ਜਾਣਗੇ। ਹੁਣ ਤੱਕ ਸਰਕਾਰ ਨੇ ਲਗਭਗ 39 ਹਜ਼ਾਰ 400 ਕਰੋੜ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ।