ਦੀਵਾਲੀ ‘ਤੇ ‘ਆਪ’ ਦੇ ਵਿਧਾਇਕ ਦੀ ਨਿਵੇਕਲੀ ਪਹਿਲ : ਵੋਟਰਾਂ ਅਤੇ ਪ੍ਰਸ਼ੰਸਕਾਂ ਤੋਹਫ਼ਾ ਨਾ ਦੇਣ ਦੀ ਕੀਤੀ ਅਪੀਲ

0
286

ਫਿਰੋਜ਼ਪੁਰ| ਵਿਧਾਇਕ ਸ਼ਹਿਰੀ ਅਤੇ ਸੈਨੇਟ ਮੈਂਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਰਣਬੀਰ ਸਿੰਘ ਭੁੱਲਰ ਨੇ ਲੋਕਾਂ ਨੂੰ ਦੀਵਾਲੀ, ਬੰਦੀਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੇ ਪਵਿੱਤਰ ਦਿਨਾਂ ਦੀ ਵਧਾਈ ਦਿੱਤੀ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਦੀਵਾਲੀ ‘ਤੇ ਆਪਣੇ ਪਰਿਵਾਰ ਤੇ ਸਨੇਹੀਆਂ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ (ਵਿਧਾਇਕ) ਨੂੰ ਕਿਸੇ ਵੀ ਤਰ੍ਹਾਂ ਦਾ ਤੋਹਫ਼ਾ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੇ ਅੰਤਰ ਨਾਲ ਜਿਤਾ ਕੇ ਪਹਿਲਾਂ ਹੀ ਬਹੁਤ ਵੱਡਾ ਅਹਿਸਾਨ ਕੀਤਾ ਹੈ, ਜੋ ਕਿ ਉਨ੍ਹਾਂ ਲਈ ਕਿਸੇ ਕੀਮਤੀ ਤੋਹਫ਼ੇ ਨਾਲੋਂ ਘੱਟ ਨਹੀਂ।

ਹਲਕੇ ਦੇ ਲੋਕ, ਮਿੱਤਰ ਜਾਂ ਪ੍ਰਸ਼ੰਸਕ ਮੈਨੂੰ ਦੀਵਾਲੀ ਦੇ ਮੌਕੇ ‘ਤੇ ਸੋਸ਼ਲ ਮੀਡੀਆ ਰਾਹੀਂ ਸੁਨੇਹੇ ਭੇਜ ਕੇ ਵਧਾਈ ਦੇਣ ਅਤੇ ਆਪਣਾ ਕੀਮਤੀ ਸਮਾਂ ਪਰਿਵਾਰ, ਮਿੱਤਰਾਂ ਤੇ ਸਨੇਹੀਆਂ ਨਾਲ ਬਿਤਾਉਣ। ਉਨ੍ਹਾਂ ਕਿਹਾ ਕਿ ਉਹ ਹਰ ਘੜੀ ਆਪਣੇ ਹਲਕੇ ਦੇ ਲੋਕਾਂ ਤੇ ਪ੍ਰਸ਼ੰਸਕਾਂ ਦੇ ਨਾਲ ਹਨ ਅਤੇ ਉਨ੍ਹਾਂ ਦੇ ਹਮੇਸ਼ਾ ਅਹਿਸਾਨਮੰਦ ਰਹਿਣਗੇ। ਰਣਬੀਰ ਸਿੰਘ ਭੁੱਲਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਿਉਹਾਰਾਂ ਦੇ ਪਵਿੱਤਰ ਮੌਕੇ ਖੁਦ ਵੀ ਪ੍ਰਦੂਸ਼ਣ ਰਹਿਤ (ਗਰੀਨ) ਦੀਵਾਲੀ ਮਨਾਉਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਤਾਂ ਜੋ ਵਾਤਾਵਰਨ ਨੂੰ ਸਾਫ-ਸੁੱਥਰਾ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਇਸ ਉਪਰਾਲੇ ਨਾਲ ਸਾਡਾ ਆਪਣਾ ਤੇ ਸਮਾਜ ਦਾ ਭਲਾ ਹੋਵੇਗਾ ਅਤੇ ਅਸੀਂ ਸ਼ੁੱਧ ਤੇ ਸਿਹਤਮੰਦ ਵਾਤਾਵਰਨ ਦਾ ਆਨੰਦ ਮਾਣ ਸਕਾਂਗੇ। ਉਨ੍ਹਾਂ ਮੁੜ ਅਪੀਲ ਕੀਤੀ ਕਿ ਉਨ੍ਹਾਂ ਨੂੰ ਦੀਵਾਲੀ ਮੌਕੇ ਕੋਈ ਵੀ ਤੋਹਫ਼ਾ ਨਾ ਦਿੱਤਾ ਜਾਵੇ।