ਆਬਕਾਰੀ ਵਿਭਾਗ ਦੀ ਬਿਆਸ ਦੇ ਮੰਡ ਇਲਾਕੇ ‘ਚ ਵੱਡੀ ਕਾਰਵਾਈ- ਪੁਲਿਸ ਨੇ 40 ਹਜ਼ਾਰ ਕਿਲੋ ਲਾਹਨ, 15 ਚਾਲੂ ਭੱਠੀਆਂ ਸਮੇਤ 800 ਬੋਤਲਾਂ ਨਜਾਇਜ਼ ਸ਼ਰਾਬ ਫੜੀ

0
2844

ਹੁਸ਼ਿਆਰਪੁਰ. ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਨਸ਼ੇ ਖਿਲਾਫ਼ ਇਕ ਵੱਡੀ ਕਾਰਵਾਈ ਕਰਦਿਆਂ ਅੱਜ ਛਾਪੇਮਾਰੀ ਦੌਰਾਨ 40 ਹਜ਼ਾਰ ਕਿਲੋ ਲਾਹਨ, 15 ਚਾਲੂ ਭੱਠੀਆਂ ਸਮੇਤ 800 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਫੜੀਆਂ ਹਨ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਅੱਜ ਸਵੇਰੇ ਆਬਕਾਰੀ ਅਤੇ ਕਰ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਵਲੋਂ ਜ਼ਿਲ੍ਹੇ ਦੇ ਟਾਂਡਾ ਮੰਡ ਇਲਾਕੇ ਵਿੱਚ ਆਉਂਦੇ ਮਿਆਣੀ, ਸਲੇਮਪੁਰ, ਟਾਹਲੀ, ਆਲਮਪੁਰ, ਭੂਲਪੁਰ, ਕਾਵਾਂ ਦਾ ਪੱਤਣ ਅਤੇ ਮਿਆਦੀਆਂ ਦੇ ਇਲਾਕੇ ਵਿੱਚ ਸਾਂਝੇ ਤੌਰ ’ਤੇ ਸਰਚ ਓਪਰੇਸ਼ਨ ਚਲਾਇਆ ਗਿਆ। ਇਸ ਸਰਚ ਓਪਰੇਸ਼ਨ ਦੌਰਾਨ ਬਿਆਸ ਦਰਿਆ ਦੇ ਮੰਡ ਇਲਾਕੇ ਵਿੱਚ 40 ਹਜ਼ਾਰ ਕਿਲੋ ਲਾਹਨ, 15 ਚਾਲੂ ਭੱਠੀਆਂ, 800 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਦੋ ਤਸਕਰ ਵੀ ਫੜੇ ਗਏ ਹਨ। ਉਨ੍ਹਾਂ ਦੱਸਿਆ ਕਿ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਸ੍ਰੀ ਅਵਤਾਰ ਸਿੰਘ ਕੰਗ ਦੀ ਅਗਵਾਈ ਵਾਲੀ ਟੀਮ ਵਲੋਂ ਮੌਕੇ ’ਤੇ ਹੀ ਲਾਹਨ ਅਤੇ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ।
ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਨਸ਼ੇ ਖਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪੁਲਿਸ ਅਤੇ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਨਸ਼ੇ ਖਿਲਾਫ ਵੱਡੇ ਪੱਧਰ ’ਤੇ ਚੈਕਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸ਼ਰਾਬ ਦਾ ਨਜਾਇਜ਼ ਪ੍ਰਯੋਗ ਕਰਨ ਵਾਲਿਆਂ ’ਤੇ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਸ੍ਰੀ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਗੁਪਤ ਤਰੀਕੇ ਨਾਲ ਅੱਜ ਸਵੇਰੇ ਉਕਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਰਚ ਓਪਰੇਸ਼ਨ ਵਿੱਚ ਆਬਕਾਰੀ ਅਤੇ ਕਰ ਅਫ਼ਸਰ ਸ੍ਰੀ ਹਨੂਵੰਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸ੍ਰੀ ਕੰਗ ਨੇ ਦੱਸਿਆ ਕਿ ਪਹਿਲੀ ਵਾਰ ਚਾਲੂ ਹਾਲਤ ਵਿੱਚ ਭੱਠੀਆਂ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਤਸਕਰਾਂ ਦੀ ਪਹਿਚਾਣ ਬਾਊ ਅਤੇ ਗੁਰਦੀਪ ਸਿੰਘ ਦੋਵੇਂ ਨਿਵਾਸੀ ਪਿੰਡ ਮੌਜਪੁਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆ ਖਿਲਾਫ਼ ਮਾਮਲਾ ਦਰਜ ਕਰਕੇ ਆਬਕਾਰੀ ਐਕਟ ਦੀ ਧਾਰਾ 61 ਤਹਿਤ ਕਾਰਵਾਈ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਕਰਨ ਵਾਲੀ ਆਬਕਾਰੀ ਟੀਮ ਵਿੱਚ ਇੰਸਪੈਕਟਰ ਸ੍ਰੀ ਦਵਿੰਦਰ ਸਿੰਘ, ਸ੍ਰੀ ਨਰੇਸ਼ ਸਹੋਤਾ, ਸ੍ਰੀ ਤਰਲੋਚਨ ਸਿੰਘ ਸ਼ਾਮਲ ਸਨ।