ਨਵੀਂ ਦਿੱਲੀ | ਸਮਾਰਟਫ਼ੋਨ ਹੁਣ ਲੋਕਾਂ ਦੇ ਰਿਸ਼ਤਿਆਂ ਵਿਚ ਖਟਾਸ ਵਧਾਉਣ ਦਾ ਕੰਮ ਕਰ ਰਹੇ ਹਨ। ਸਮਾਰਟ ਡਿਵਾਈਸ ਨਿਰਮਾਤਾ ਕੰਪਨੀ ‘ਵੀਵੋ’ ਦੇ ਇਕ ਅਧਿਐਨ ਨੇ ਕਿਹਾ ਕਿ ਭਾਰਤ ਵਿਚ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਵਿਆਹੇ ਜੋੜਿਆਂ ਦੇ ਰਿਸ਼ਤੇ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਸਾਈਬਰ ਮੀਡੀਆ ਅਧਿਐਨ “ਸਮਾਰਟਫੋਨ ਤੇ ਮਨੁੱਖੀ ਰਿਸ਼ਤਿਆਂ ‘ਤੇ ਉਨ੍ਹਾਂ ਦਾ ਅਸਰ 2022” ਵਿਚ 67 ਪ੍ਰਤੀਸ਼ਤ ਲੋਕਾਂ ਨੇ ਮੰਨਿਆ ਕਿ ਉਹ ਆਪਣੇ ਜੀਵਨ ਸਾਥੀ ਨਾਲ ਸਮਾਂ ਬਿਤਾਉਣ ਦੇ ਦੌਰਾਨ ਵੀ ਆਪਣੇ ਫੋਨ ਨੂੰ ਵੇਖਣ ਵਿੱਚ ਰੁੱਝੇ ਰਹਿੰਦੇ ਹਨ।ਇਸ ਦੇ ਨਾਲ ਹੀ 89 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਸਾਥੀ ਨਾਲ ਹਲਕੀ-ਫੁਲਕੀ ਜਿਹੀ ਗੱਲਬਾਤ ਵਿੱਚ ਵੀ ਘੱਟ ਸਮਾਂ ਦਿੱਤਾ, ਜਦੋਂ ਕਿ ਜੇਕਰ ਉਹ ਚਾਹੁੰਦੇ ਤਾਂ ਜ਼ਿਆਦਾ ਸਮਾਂ ਦੇ ਸਕਦੇ ਸਨ। ਇਸ ‘ਚ ਸਮਾਰਟਫੋਨ ਯੂਜ਼ਰਸ ਨੇ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਆਹਮੋ-ਸਾਹਮਣੇ ਗੱਲਬਾਤ ਜ਼ਿਆਦਾ ਆਰਾਮਦਾਇਕ ਹੁੰਦੀ ਹੈ, ਪਰ ਉਹ ਇਸ ਦੇ ਲਈ ਘੱਟ ਸਮਾਂ ਦਿੰਦੇ ਹਨ।
ਇਸ ‘ਚ ਕਿਹਾ ਗਿਆ ਹੈ, ”ਅਧਿਐਨ ‘ਚ ਸ਼ਾਮਲ 84 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਆਪਣੇ ਜੀਵਨ ਸਾਥੀ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ। ਲੋਕ ਇਸ ਸਮੱਸਿਆ ਨੂੰ ਸਵੀਕਾਰ ਕਰ ਰਹੇ ਹਨ ਅਤੇ ਇਸ ਨੂੰ ਬਦਲਣ ਲਈ ਵੀ ਤਿਆਰ ਹਨ। 88 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਉਨ੍ਹਾਂ ਦੇ ਜੀਵਨ ਸਾਥੀ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਪ੍ਰਭਾਵਿਤ ਕਰ ਰਹੀ ਹੈ।
ਅਧਿਐਨ ਦੇ ਅਨੁਸਾਰ, ਸਮਾਰਟਫੋਨ ਉਪਭੋਗਤਾ ਡਿਵਾਈਸ ਨੂੰ ਦੇਖਣ ਵਿੱਚ ਪ੍ਰਤੀ ਦਿਨ ਔਸਤਨ 4.7 ਘੰਟੇ ਬਿਤਾਉਂਦੇ ਹਨ ਅਤੇ ਇਹ ਸਮਾਂ ਪਤੀ ਅਤੇ ਪਤਨੀ ਦੋਵਾਂ ਲਈ ਸਮਾਨ ਹੈ। 73 ਫੀਸਦੀ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਸਾਥੀ ਦੀ ਸ਼ਿਕਾਇਤ ਹੈ ਕਿ ਉਹ ਉਨ੍ਹਾਂ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਬਜਾਏ ਫੋਨ ‘ਚ ਜ਼ਿਆਦਾ ਰੁੱਝੇ ਰਹਿੰਦੇ ਹਨ।