ਸਾਬਕਾ ਡਿਪਟੀ CM ਓਪੀ ਸੋਨੀ ਨੂੰ ਮਿਲੀ ਵੱਡੀ ਰਾਹਤ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ HC ਤੋਂ ਮਿਲੀ ਜ਼ਮਾਨਤ

0
311

ਚੰਡੀਗੜ੍ਹ, 13 ਅਕਤੂਬਰ | ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੋਨੀ ਦੀ ਗ੍ਰਿਫਤਾਰੀ ਤੋਂ ਲਗਭਗ 3 ਮਹੀਨੇ ਬਾਅਦ ਜ਼ਮਾਨਤ ਦੇ ਦਿੱਤੀ ਹੈ। 2 ਦਿਨ ਦੀ ਲਗਾਤਾਰ ਬਹਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਉਨ੍ਹਾਂ ਨੂੰ ਇਹ ਰਾਹਤ ਮੈਡੀਕਲ ਸਟੇਟਸ ਰਿਪੋਰਟ ਦੇ ਆਧਾਰ ‘ਤੇ ਦਿੱਤੀ ਗਈ ਹੈ।

ਵਿਜੀਲੈਂਸ ਨੇ ਸੋਨੀ ਨੂੰ ਪਹਿਲੀ ਵਾਰ 25 ਨਵੰਬਰ 2022 ਨੂੰ ਤਲਬ ਕੀਤਾ ਸੀ। ਕਰੀਬ 8 ਮਹੀਨਿਆਂ ਦੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਦੇ ਵਿਜੀਲੈਂਸ ਦਫ਼ਤਰ ਵਿਚ ਐਫ.ਆਈ.ਆਰ. ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਦਰਜ ਹੋਣ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।

ਓਪੀ ਸੋਨੀ ਨੇ ਅੰਮ੍ਰਿਤਸਰ ਦੀ ਅਦਾਲਤ ਵਿਚ ਜ਼ਮਾਨਤ ਰੱਦ ਹੋਣ ਤੋਂ ਬਾਅਦ ਹਾਈਕੋਰਟ ਤੱਕ ਪਹੁੰਚ ਕੀਤੀ ਸੀ। ਬੀਤੇ ਵੀਰਵਾਰ ਨੂੰ ਵੀ ਇਸ ਮਾਮਲੇ ‘ਤੇ 2 ਘੰਟਿਆਂ ਤੱਕ ਬਹਿਸ ਹੋਈ, ਜਿਸ ਤੋਂ ਬਾਅਦ ਜੱਜ ਨੇ ਮਾਮਲੇ ਦੀ ਸੁਣਵਾਈ ਅੱਜ ਤੱਕ ਲਈ ਮੁਲਤਵੀ ਕਰ ਦਿੱਤੀ। ਅੱਜ ਸਵੇਰੇ ਵੀ ਸੋਨੀ ਅਦਾਲਤ ਵਿਚ ਪੇਸ਼ ਹੋਏ ਅਤੇ ਦੋਵਾਂ ਧਿਰਾਂ ਵਿਚ ਬਹਿਸ ਹੋ ਗਈ। ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਅੱਜ ਉਨ੍ਹਾਂ ਨੂੰ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ।

ਦੱਸ ਦਈਏ ਕਿ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਦਿਲ ਦੇ ਮਰੀਜ਼ ਹਨ। ਓਪੀ ਸੋਨੀ ਦੇ ਵਕੀਲ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ ਨੇ ਦੱਸਿਆ ਕਿ ਸੋਨੀ ਜੀ ਦੀ ਮੈਡੀਕਲ ਸਟੇਟਸ ਰਿਪੋਰਟ ਨੂੰ ਲੈ ਕੇ ਪਿਛਲੇ ਮਹੀਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ।

ਸੋਨੀ ਨੂੰ ਪੇਸਮੇਕਰ ਪਿਆ ਹੈ। ਜੁਲਾਈ ਦੇ ਮਹੀਨੇ ਜਦੋਂ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਉਦੋਂ ਵੀ ਉਸ ਦੀ ਸਿਹਤ ਵਿਗੜ ਗਈ ਸੀ ਅਤੇ ਡਾਕਟਰ ਨੇ ਉਸ ਨੂੰ ਫੋਰਟਿਸ ਹਸਪਤਾਲ ਲਈ ਰੈਫਰ ਕਰ ਦਿੱਤਾ ਸੀ। ਮਾਮਲਾ ਉਸ ਸਮੇਂ ਭਖ ਗਿਆ ਜਦੋਂ ਉਸ ਨੂੰ ਪੁਲਿਸ ਹਿਰਾਸਤ ਵਿਚ ਹੀ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਉਸ ਨੂੰ ਰੈਫਰ ਕਰਨ ਵਾਲੇ ਡਾਕਟਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ।