ਅਮਰੀਕਾ/ਪੰਜਾਬ। ਕੈਲੇਫੋਰਨੀਆ ਸੂਬੇ ‘ਚ ਪੰਜਾਬੀ ਪਰਿਵਾਰ ਨੂੰ ਅਗਵਾ ਕੀਤੇ ਜਾਣ ਦੇ 24 ਘੰਟੇ ਬਾਅਦ ਵੀ ਪੁਲਿਸ ਨੂੰ ਉਨ੍ਹਾਂ ਦਾ ਸੁਰਾਗ ਲਗਾਉਣ ਲਈ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਸੀ ਪਰ ਬਾਅਦ ਵਿੱਚ ਪਾਇਆ ਕਿ ਉਹ ਅਗਵਾ ਵਿੱਚ ਸ਼ਾਮਲ ਨਹੀਂ ਸੀ। ਦੱਸ ਦੇਈਏ ਕਿ ਬੀਤੇ ਦਿਨ ਕੈਲੇਫੋਰਨੀਆ ਤੋਂ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਨੂੰ ਅਗਵਾ ਕਰ ਲਿਆ ਗਿਆ ਹੈ। ਇਨ੍ਹਾਂ ਵਿਚ ਅੱਠ ਮਹੀਨੇ ਦੀ ਬੱਚੀ ਤੇ ਉਸ ਦੇ ਮਾਪੇ ਸ਼ਾਮਲ ਸਨ।
ਮਰਸਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਬਿਆਨ ਵਿਚ ਕਿਹਾ ਕਿ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ, ਉਨ੍ਹਾਂ ਵਿਚ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਨ੍ਹਾਂ ਦੀ ਅੱਠ ਮਹੀਨੇ ਦੀ ਬੱਚੀ ਅਰੂਹੀ ਤੇ 39 ਸਾਲਾ ਅਮਨਦੀਪ ਸਿੰਘ ਨੂੰ ਸ਼ਾਮਲ ਹਨ।
ਪੁਲਿਸ ਨੇ ਇੱਕ ਵਿਅਕਤੀ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਨੂੰ ਅਗਵਾ ਕਰਨ ਵਾਲੇ ਹੋਣ ਦਾ ਸ਼ੱਕ ਹੈ। ਪੁਲਿਸ ਅਨੁਸਾਰ, ਵਿਅਕਤੀ ਨੇ ਗੰਜੇ ਸਿਰ ਨਾਲ ਹੂਡੀ ਪਾਈ ਹੋਈ ਸੀ। ਲੜਕੀ ਅਤੇ ਉਸ ਦੇ ਮਾਪਿਆਂ ਨੂੰ ਅਗਵਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਹਥਿਆਰਬੰਦ ਅਤੇ ਖ਼ਤਰਨਾਕ ਕਰਾਰ ਦਿੱਤਾ ਹੈ। ਪੁਲਿਸ ਅਨੁਸਾਰ ਅਗਵਾ ਕਰਨ ਵਾਲੇ ਦੇ ਇਰਾਦੇ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਪਰ ਉਸ ਨੇ ਫੜੇ ਜਾਣ ਤੋਂ ਬਚਣ ਲਈ ਸਬੂਤ ਮਿਟਾ ਦਿੱਤੇ ਹਨ। ਸ਼ੈਰਿਫ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਕੋਈ ਵੀ ਸੂਚਨਾ ਮਿਲਣ ‘ਤੇ ਪੁਲਿਸ ਨਾਲ ਸਾਂਝੀ ਕਰਨ ਲਈ ਕਿਹਾ ਹੈ।