ਚੰਡੀਗੜ੍ਹ, 28 ਫ਼ਰਵਰੀ | ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਈ.ਐਸ.ਆਈ. ਡਿਸਪੈਂਸਰੀ ਢੰਡਾਰੀ ਕਲਾਂ, ਲੁਧਿਆਣਾ ਵਿਚ ਤਾਇਨਾਤ ਕਲਰਕ ਰਵਿੰਦਰ ਸਿੰਘ ਨੂੰ 15 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਰਾਜਵੰਤ ਸਿੰਘ ਵਾਸੀ ਪਿੰਡ ਚਣਕੋਈਆਂ ਜ਼ਿਲ੍ਹਾ ਲੁਧਿਆਣਾ, ਜੋ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਦੋਰਾਹਾ ਵਿਖੇ ਚਪੜਾਸੀ ਵਜੋਂ ਨੌਕਰੀ ਕਰਦਾ ਹੈ, ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਕਾਬੂ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿਚ ਦਰਜ ਕਰਵਾਇਆ ਹੈ ਕਿ ਉਸਨੇ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਆਪਣਾ ਇਲਾਜ ਕਰਵਾਇਆ ਸੀ ਅਤੇ ਈ.ਐਸ.ਆਈ. ਸਕੀਮ ਅਧੀਨ ਮੁਫ਼ਤ ਇਲਾਜ ਦਾ ਲਾਭਪਾਤਰੀ ਹੋਣ ਕਰਕੇ ਉਸਦੇ 4 ਲੱਖ 78 ਹਜ਼ਾਰ 136 ਰੁਪਏ ਦੇ ਬਿੱਲ ਈ.ਐਸ.ਆਈ. ਡਿਸਪੈਂਸਰੀ ਵਿਚ ਭੁਗਤਾਨ ਲਈ ਬਕਾਇਆ ਪਏ ਹਨ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਸਬੰਧਤ ਡੀਲਿੰਗ ਕਲਰਕ ਰਵਿੰਦਰ ਸਿੰਘ ਨੇ ਉਸਦੇ ਬਿੱਲ ਦਾ ਭੁਗਤਾਨ ਕਰਨ ਬਦਲੇ ਰਿਸ਼ਵਤ ਵਜੋਂ 30 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਰਿਸ਼ਵਤ ਨਾ ਦੇਣ ਦੀ ਸੂਰਤ ਵਿਚ ਕੁੱਲ ਰਕਮ ਵਿਚੋਂ ਸਿਰਫ 1 ਲੱਖ 25 ਹਜ਼ਾਰ ਰੁਪਏ ਦੇ ਬਿੱਲ ਹੀ ਪਾਸ ਕੀਤੇ ਜਾਣਗੇ। ਮੁਲਜ਼ਮ ਕਲਰਕ ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ 2 ਕਿਸ਼ਤਾਂ ਵਿਚ ਦੇਣ ਲਈ ਕਿਹਾ, ਜਿਸ ਵਿਚ 20 ਹਜ਼ਾਰ ਰੁਪਏ ਪੇਸ਼ਗੀ ਅਤੇ ਬਾਕੀ 10 ਹਜ਼ਾਰ ਰੁਪਏ ਬਾਅਦ ਵਿਚ ਦੇਣ ਲਈ ਕਿਹਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਰਵਿੰਦਰ ਸਿੰਘ ਕਲਰਕ ਨੇ ਸ਼ਿਕਾਇਤਕਰਤਾ ਨੂੰ ਇਹ ਵੀ ਕਿਹਾ ਕਿ ਉਸ ਨੇ ਰਿਸ਼ਵਤ ਦੀ ਰਕਮ ਚੰਡੀਗੜ੍ਹ ਵਿਖੇ ਤਾਇਨਾਤ ਸਬੰਧਤ ਅਧਿਕਾਰੀ ਨਾਲ ਵੀ ਸਾਂਝੀ ਕਰਨੀ ਹੈ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਆਪਣੇ ਫ਼ੋਨ ਵਿਚ ਕਰ ਲਈ ਅਤੇ ਵਿਜੀਲੈਂਸ ਬਿਊਰੋ ਨੂੰ ਸਬੂਤ ਵਜੋਂ ਸੌਂਪ ਦਿੱਤੀ।