ਚੰਡੀਗੜ੍ਹ| ਹੱਤਿਆਕਾਂਡ ਵਿਚ ਹੁਣ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟੀ ਹੋ ਗਈ ਹੈ। ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਗੈਂਗਸਟਰ ਲਿਪਿਨ ਨਹਿਰਾ ਵੀ ਇਸ ਹੱਤਿਆਕਾਂਡ ਵਿਚ ਸ਼ਾਮਲ ਹੈ। ਉਸ ਨੇ ਸ਼ਾਰਪ ਸ਼ੂਟਰ ਕਸ਼ਿਸ਼ ਉਰਫ ਕੁਲਦੀਪ ਤੇ ਦੀਪਕ ਮੁੰਡੀ ਦਾ ਸੰਪਰਕ ਗੋਲਡੀ ਬਰਾੜ ਨਾਲ ਕਰਾਇਆ ਸੀ। ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ 6 ਸ਼ਾਰਪ ਸ਼ੂਟਰਾਂ ਵਿਚ ਇਹ ਦੋਵੇਂ ਵੀ ਸ਼ਾਮਲ ਸਨ। ਕਸ਼ਿਸ਼ ਨੇ ਹੀ ਪੁਲਿਸ ਦੀ ਪੁੱਛਗਿਛ ਵਿਚ ਇਹ ਖੁਲਾਸਾ ਕੀਤਾ। ਦੀਪਕ ਮੁੰਡੀ ਫਿਲਹਾਲ ਗ੍ਰਿਫਤ ਤੋਂ ਬਾਹਰ ਹੈ।
ਲਿਪਿਨ ਨਹਿਰਾ ਦਾ ਨਾਂ ਸਾਹਮਣੇ ਆਉਣ ਦੇ ਬਾਅਦ ਪੰਜਾਬ ਪੁਲਿਸ ਉਸ ਦੇ ਭਰਾ ਪਵਨ ਨਹਿਰਾ ਨੂੰ ਜੇਲ੍ਹ ਤੋਂ ਲੈ ਕੇ ਆਈ। ਪਵਨ ਨਹਿਰਾ ਵੀ ਮਸ਼ਹੂਰ ਗੈਂਗਸਟਰ ਹੈ ਤੇ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਨੂੰ ਗੁਰੂਗ੍ਰਾਮ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਗੋਲਡੀ ਬਰਾੜ ਨੂੰ ਸ਼ੂਟਰ ਦੇਣ ਵਾਲਾ ਲਿਪਿਨ ਨਹਿਰਾ ਵੀ ਇਸ ਸਮੇਂ ਕੈਨੇਡਾ ਵਿਚ ਹੀ ਹੈ।
ਪੁਲਿਸ ਜਾਂਚ ਮੁਤਾਬਕ ਮੂਸੇਵਾਲਾ ਦੇ ਕਤਲ ਵਿਚ 6 ਸ਼ੂਟਰ ਸ਼ਾਮਲ ਸਨ। ਇਨ੍ਹਾਂ ਵਿਚ ਪ੍ਰਿਯਵਰਤ ਫੌਜੀ ਤੇ ਅੰਕਿਤ ਸੇਰਸਾ ਸਿੱਧੇ ਲਾਰੈਂਸ ਗੈਂਗ ਨਾਲ ਜੁੜੇ ਹੋਏ ਹਨ। ਜਗਰੂਪ ਰੂਪਾ ਤੇ ਮਨਪ੍ਰੀਤ ਮਨੂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਹਨ। ਹੁਣ ਇਹ ਨਵਾਂ ਖੁਲਾਸਾ ਹੈ ਕਿ ਕਸ਼ਿਸ਼ ਤੇ ਦੀਪਕ ਮੁੰਡੀ ਲਿਪਿਨ ਨਹਿਰਾ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿਚੋਂ ਰੂਪਾ ਤੇ ਮਨੂ ਐਨਕਾਊਂਟਰ ਵਿਚ ਮਾਰੇ ਜਾ ਚੁੱਕੇ ਹਨ ਤੇ ਬਾਕੀ 3 ਗ੍ਰਿਫਤ ਵਿਚ ਹਨ ਜਦੋਂ ਕਿ ਮੁੰਡੀ ਫਰਾਰ ਹੈ।
ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਕਾਫੀ ਸੋਚੀ ਸਮਝੀ ਸੀ। ਲਾਰੈਂਸ ਤੇ ਗੋਲਡੀ ਨੇ ਕਤਲ ਲਈ ਅਜਿਹੇ ਸ਼ਾਰਪ ਸ਼ੂਟਰ ਲੱਭੇ ਜੋ ਅਪਰਾਧੀ ਹੋਣ ਪਰ ਉਨ੍ਹਾਂ ਦਾ ਅਜਿਹਾ ਕ੍ਰਿਮੀਨਲ ਰਿਕਾਰਡ ਨਾ ਹੋਵੇ ਕਿ ਪੁਲਿਸ ਲਗਾਤਾਰ ਨਿਗਰਾਨੀ ਕਰ ਰਹੀ ਹੋਵੇ। ਇਸੇ ਕਾਰਨ 3 ਗਰੁੱਪ ਦੇ ਸ਼ੂਟਰ ਚੁਣੇ ਗਏ। ਇਨ੍ਹਾਂ ਵਿਚ 2 ਲਾਰੈਂਸ ਗੈਂਗ ਨੇ ਆਪਣੇ ਰੱਖੇ ਜਦੋਂ ਕਿ ਬਾਕੀ ਲੋਕ 2 ਵੱਖ-ਵੱਖ ਗੈਂਗਸਟਰਾਂ ਤੋਂ ਲਏ ਗਏ।