ਜਲੰਧਰ : ਮੰਨੋਰੰਜਨ ਕਾਲੀਆ ਨੂੰ ਘੇਰਨ ਆਈਆਂ ਕਾਂਗਰਸੀ ਵਰਕਰਾਂ ਨੂੰ ਕਾਲੀਆ ਨੇ ਘੇਰਿਆ

0
1091

ਜਲੰਧਰ | ਮਹਿਲਾ ਕਾਂਗਰਸ ਵੱਲੋਂ ਮਹਿੰਗਾਈ ਸਬੰਧੀ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ ਕਾਂਗਰਸ ਨੂੰ ਮਹਿੰਗਾ ਪਿਆ ਹੈ। ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਜਸਲੀਨ ਸੇਠੀ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਨੇ ਹੱਥਾਂ ਵਿੱਚ ਆਲੂ, ਪਿਆਜ਼ ਤੇ ਹੋਰ ਸਬਜ਼ੀਆਂ ਫੜ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਔਰਤਾਂ ਵਾਰ-ਵਾਰ ਨਾਅਰੇ ਲਾ ਰਹੀਆਂ ਸਨ ਕਿ ਮਹਿੰਗੀਆਂ ਸਬਜ਼ੀਆਂ ਕਾਰਨ ਸਭ ਤੋਂ ਵੱਧ ਔਰਤਾਂ ਹੀ ਪ੍ਰਭਾਵਿਤ ਹੋਈਆਂ ਹਨ ਤੇ ਉਨ੍ਹਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਜਦੋਂ ਇਹ ਮਹਿਲਾ ਕਾਂਗਰਸ ਵਰਕਰ ਮੋਦੀ ਸਰਕਾਰ ਵਿਰੁੱਧ ਨਾਅਰੇ ਲਾ ਰਹੀਆਂ ਸਨ ਤਾਂ ਮਨੋਰੰਜਨ ਕਾਲੀਆ ਘਰ ਵਿੱਚ ਹੀ ਸਨ।

ਉਨ੍ਹਾਂ ਨੇ ਇਨ੍ਹਾਂ ਮਹਿਲਾ ਕਾਂਗਰਸੀ ਵਰਕਰਾਂ ਨੂੰ ਘਰ ਬੁਲਾਇਆ ਤੇ ਜਦੋਂ ਉਹ ਸਬਜ਼ੀਆਂ ਮਹਿੰਗੀਆਂ ਹੋਣ ਬਾਰੇ ਦੱਸ ਰਹੀਆਂ ਸਨ ਤਾਂ ਮਨੋਰੰਜਨ ਕਾਲੀਆ ਨੇ ਪਲਟ ਵਾਰ ਕਰਦਿਆਂ ਦੱਸਿਆ ਕਿ ਦੇਸ਼ ਵਿੱਚ ਸਭ ਤੋਂ ਵੱਧ ਰਾਜ ਕਾਂਗਰਸ ਨੇ ਕੀਤਾ ਹੈ ਤੇ ਜਦੋਂ ਆਟੇ ਦਾ ਰੇਟ ਵਧਦਾ ਸੀ ਉਦੋਂ ਵੀ ਲੋਕ ਕਾਂਗਰਸ ਨੂੰ ਹੀ ਬੁਰਾ-ਭਲਾ ਕਹਿੰਦੇ ਸਨ। ਕਾਲੀਆ ਨੇ ਕਿਹਾ ਕਿ ਕੈਪਟਨ ਸਰਕਾਰ ’ਚ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਹੋਏ 64 ਕਰੋੜ ਦੇ ਘਪਲੇ ਵਿਚ ਕੈਬਨਿਟ ਮੰਤਰੀ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਜਦਕਿ ਸਰਕਾਰ ਦੇ ਹੀ ਪ੍ਰਿੰਸੀਪਲ ਸਕੱਤਰ ਨੇ ਇਸ ਘਪਲੇ ਨੂੰ ਉਜਾਗਰ ਕੀਤਾ ਸੀ।

ਜਦੋਂ ਮਨੋਰੰਜਨ ਕਾਲੀਆ ਨੇ ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਵਿੱਚ ਵਾਪਰੀ ਜਬਰ-ਜਨਾਹ ਦੀ ਘਟਨਾ ਦਾ ਜ਼ਿਕਰ ਕੀਤਾ ਤਾਂ ਮਹਿਲਾ ਕਾਂਗਰਸ ਦੀਆਂ ਆਗੂਆਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਘਟਨਾ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਵਾਪਰੀ ਹੈ।