ਤਰਨਤਾਰਨ | ਇਥੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ‘ਚ ਪੁਲਿਸ ਦੀ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ ਹੋ ਗਿਆ। ਪੁਲਿਸ ਨੇ ਜ਼ਖਮੀ ਅਪਰਾਧੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਇਸ ਤੋਂ ਇਲਾਵਾ ਮੁਕਾਬਲੇ ਦੌਰਾਨ ਇੱਕ ਹੋਰ ਅਪਰਾਧੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ਼ ਅਤੇ ਪੱਟੀ ਪੁਲਿਸ ਸਟੇਸ਼ਨ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਦੋ ਸ਼ੱਕੀ ਵਿਅਕਤੀਆਂ ਨੂੰ ਜਾਂਚ ਲਈ ਰੋਕਿਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ਵਿਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਪੁਲਿਸ ਦੀ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ ਹੋ ਗਿਆ, ਜਦਕਿ ਦੂਜਾ ਬਦਮਾਸ਼ ਵਾਲ-ਵਾਲ ਬਚ ਗਿਆ। ਦੋਵਾਂ ਬਦਮਾਸ਼ਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਜ਼ਖਮੀ ਮੁਲਜ਼ਮ ਦੀ ਪਛਾਣ ਪਵਨਦੀਪ ਸਿੰਘ ਤੇ ਉਸ ਦੇ ਸਾਥੀ ਦੀ ਪਛਾਣ ਕੋਮਲਦੀਪ ਸਿੰਘ ਵਜੋਂ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਜ਼ਿਲੇ ‘ਚ ਵਿਦੇਸ਼ਾਂ ‘ਚ ਰਹਿੰਦੇ ਗੈਂਗਸਟਰ ਲਗਾਤਾਰ ਵਪਾਰੀਆਂ ਨੂੰ ਫ਼ੋਨ ਕਰ ਕੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕਰ ਰਹੇ ਸਨ ਅਤੇ ਇਨ੍ਹਾਂ ਬਦਮਾਸ਼ਾਂ ਨੇ ਕਈ ਦੁਕਾਨਾਂ ‘ਤੇ ਗੋਲੀਆਂ ਵੀ ਚਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਬਦਮਾਸ਼ਾਂ ਦੀ ਭਾਲ ਵਿਚ ਜੁਟੀ ਹੋਈ ਸੀ।
ਡੀਐਸਪੀ ਪੱਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਬਦਮਾਸ਼ ਲੋਕਾਂ ਨੂੰ ਧਮਕੀਆਂ ਦੇ ਰਹੇ ਸਨ। ਹਾਲ ਹੀ ਵਿਚ ਉਕਤ ਵਿਅਕਤੀਆਂ ਨੇ ਘਰਿਆਲਾ ਦੇ ਇੱਕ ਸੁਨਿਆਰੇ ਤੋਂ ਫਿਰੌਤੀ ਦੀ ਮੰਗ ਕੀਤੀ ਸੀ।