ਹੈਦਰਾਬਾਦ । ਸਾਲ 2019 ਵਿਚ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਤੇ ਉਸਦੀ ਹੱਤਿਆ ਦੇ 4 ਦੋਸ਼ੀਆਂ ਦੀ ਪੁਲਸ ਐਨਕਾਊਂਟਰ ਵਿਚ ਮੌਤ ਹੋ ਗਈ ਸੀ। ਐਨਕਾਊਂਟਰ ਦੀ ਜਾਂਚ ਲਈ ਸੁਪਰੀਮ ਕੋਰਟ ਨੇ ਇਕ ਜਾਂਚ ਆਯੋਗ ਦਾ ਗਠਨ ਕੀਤਾ ਸੀ। ਆਯੋਗ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਪੁਲਸ ਮੁਲਾਜ਼ਮਾਂ ਨੇ ਆਰੋਪੀਆਂ ਉਤੇ ਜਾਣਬੁੱਝ ਕੇ ਗੋਲੀ ਚਲਾਈ ਸੀ, ਜਿਸ ਨਾਲ ਆਰੋਪੀਆਂ ਦੀ ਮੌਤ ਹੋ ਜਾਵੇ।
ਹੈਦਰਾਬਾਦ ਵਿਚ 26 ਨਵੰਬਰ 2019 ਦੀ ਰਾਤ ਨੂੰ 27 ਸਾਲ ਦੀ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਕੀਤਾ ਗਿਆ ਤੇ ਬਾਅਦ ਵਿਚ ਕਤਲ ਕਰ ਦਿੱਤਾ ਗਿਆ । ਮਾਮਲੇ ਵਿਚ ਸ਼ਾਮਲ ਦੋਸ਼ੀਆਂ ਨੂੰ 6 ਦਸੰਬਰ ਤੜਕੇ ਲਗਭਗ 3 ਵਜੇ ਪੁਲਸ ਨੇ ਐਨਕਾਊਂਟਰ ਕਰਕੇ ਮਾਰ ਮੁਕਾਇਆ ਸੀ। ਇਸ ਕੇਸ ਵਿਚ ਪੁਲਸ ਦਾ ਦਾਅਵਾ ਸੀ ਕਿ ਜਦੋਂ ਆਰੋਪੀਆਂ ਨੂੰ ਕ੍ਰਾਈਮ ਸੀਨ ’ਤੇ ਲਿਜਾਇਆ ਜਾ ਰਿਹਾ ਸੀ ਤਾਂ ਇਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਪੁਲਿਸ ਨੇ ਇਹ ਐਨਕਾਊਂਟਰ ਕੀਤਾ । ਲੋਕਾਂ ਨੇ ਪੁਲਸ ਦੀ ਕਾਰਵਾਈ ਨੂੰ ਸੋਚੀ ਸਮਝੀ ਸਾਜ਼ਿਸ਼ ਦੱਸਿਆ ਸੀ । ਸੁਪਰੀਮ ਕੋਰਟ ਨੇ ਆਪਣੇ ਰਿਟਾਇਰਡ ਜੱਜ ਵੀ ਐੱਸ ਸਿਰਪੁਰਕਰ ਦੀ ਪ੍ਰਧਾਨਗੀ ਵਿਚ ਜਾਂਚ ਆਯੋਗ ਗਠਿਤ ਕੀਤਾ ਸੀ।
ਸੁਪਰੀਮ ਕੋਰਟ ਵਲੋਂ ਗਠਿਤ ਜਾਂਚ ਆਯੋਗ ਨੇ 2019 ਦੇ ਚਰਚਿਤ ਹੈਦਰਾਬਾਦ ਐਨਕਾਊਂਟਰ ਨੂੰ ਫਰਜ਼ੀ ਕਰਾਰ ਦਿੱਤਾ ਤੇ ਇਸ ਵਿਚ ਸ਼ਾਮਲ ਕੁਝ ਪੁਲਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਤੇ ਇਸ ਰਿਪੋਰਟ ਨੂੰ ਜਨਤਕ ਕਰਨ ਦਾ ਹੁਕਮ ਦਿੱਤਾ ਹੈ ਤੇ ਸੂਬਾ ਸਰਕਾਰ ਨੂੰ ਮਾਮਲੇ ਵਿਚ ਕਾਰਵਾਈ ਕਰਨ ਲਈ ਕਿਹਾ ਹੈ ।