ਜ਼ਿਮਨੀ ਚੋਣਾਂ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਐਂਟਰੀ ‘ਤੇ ਚੋਣ ਕਮਿਸ਼ਨ ਸਖਤ, ਜੇਲ ਵਿਭਾਗ ਨੂੰ ਕਿਹਾ – ਜੱਗੂ ‘ਤੇ ਰੱਖੋ ਨਿਗਰਾਨੀ

0
145

ਚੰਡੀਗੜ੍ਹ, 12 ਨਵੰਬਰ | ਹਰਿਆਣਾ ਦੀ ਕੁਰੂਕਸ਼ੇਤਰ ਜੇਲ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਪੰਜਾਬ ਵਿਚ ਡੇਰਾ ਬਾਬਾ ਨਾਨਕ ਸੀਟ ਉੱਤੇ ਹੋ ਰਹੀ ਵਿਧਾਨ ਸਭਾ ਉਪ ਚੋਣ ਵਿਚ ਵੋਟਰਾਂ ਨੂੰ ਧਮਕਾਉਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਹਰਕਤ ਵਿਚ ਆ ਗਿਆ ਹੈ। ਚੋਣ ਕਮਿਸ਼ਨ ਦੀ ਤਰਫ਼ੋਂ ਇਸ ਮਾਮਲੇ ਵਿਚ ਹਰਿਆਣਾ ਜੇਲ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ। ਨਾਲ ਹੀ ਦੋਸ਼ੀਆਂ ‘ਤੇ ਤਿੱਖੀ ਨਜ਼ਰ ਰੱਖਣ ਦੀ ਬੇਨਤੀ ਕੀਤੀ ਗਈ ਹੈ। ਮੁਲਜ਼ਮਾਂ ਦੇ ਆਸ-ਪਾਸ ਇਲਾਕੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ।

ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਦੇ ਪਤੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਹਰਿਆਣਾ ਦੀ ਕੁਰੂਕਸ਼ੇਤਰ ਜੇਲ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੀਡੀਓ ਕਾਲ ਕਰ ਕੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ।

ਉਹ ਲੋਕਾਂ ਨੂੰ ਧਮਕੀ ਦੇ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਕਾਂਗਰਸ ਨੂੰ ਵੋਟ ਪਾਈ ਤਾਂ ਦੇਖ ਲੈਣ ਫਿਰ। ਗੈਂਗਸਟਰ ਦੀ ਮਾਂ ਜੇਲ ਜਾ ਕੇ ਆਪਣੇ ਫੋਨ ਤੋਂ ਗੱਲ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਨਾਲ ਹੀ ਲੋਕਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਪਰ ਕੋਈ ਕਾਰਵਾਈ ਨਹੀਂ ਹੋਈ। ਮੁਲਜ਼ਮ ਨੂੰ ਸਰਕਾਰ ਦਾ ਸਮਰਥਨ ਹਾਸਲ ਹੈ।