ਵ੍ਹੀਲ ਚੇਅਰ ‘ਤੇ ਬਜ਼ੁਰਗ ਔਰਤ ਦੀ ਮੌਤ, ਪਰਿਵਾਰ ਨੇ ਕਿਹਾ- ਹਸਪਤਾਲ ਨੇ ਖਾਲੀ ਆਕਸੀਜ਼ਨ ਸਿਲੰਡਰ ਲਗਾਇਆ ਸੀ

0
3343

ਜਲੰਧਰ | ਕੋਰੋਨਾ ਕਾਲ ਵਿੱਚ ਹਸਪਤਾਲਾਂ ‘ਤੇ ਲਗਾਤਾਰ ਲਾਪਰਵਾਹੀ ਦੇ ਇਲਜਾਮ ਲੱਗ ਰਹੇ ਹਨ। ਅਜਿਹਾ ਇੱਕ ਹੋਰ ਮਾਮਲਾ ਜਲੰਧਰ ਵਿੱਚ ਸਾਹਮਣੇ ਆਇਆ ਹੈ। ਪਿਮਜ਼ ਹਸਪਤਾਲ ‘ਚ ਜੇਰੇ ਇਲਾਜ ਬਜ਼ੁਰਗ ਔਰਤ ਨੂੰ ਦੂਜੇ ਹਸਪਤਾਲ ਵਿੱਚ ਸ਼ਿਫਟ ਕਰਦਿਆਂ ਉਸ ਦੀ ਮੌਤ ਹੋ ਗਈ। ਔਰਤ ਦੇ ਪਰਿਵਾਰਕ ਮੈਂਬਰਾਂ ਦਾ ਇਲਜਾਮ ਹੈ ਕਿ ਹਸਪਤਾਲ ਵਲੋਂ ਆਕਸੀਜ਼ਨ ਮੁਹੱਈਆ ਨਾ ਕਰਵਾਏ ਜਾਣ ਕਾਰਨ ਮੌਤ ਹੋਈ ਹੈ। ਮ੍ਰਿਤਕ ਮਹਿਲਾ ਦੀ ਸ਼ਿਨਾਖਤ ਕਿਸ਼ਨਪੁਰਾ ਦੇ ਜੈਮਲ ਨਗਰ ਦੀ ਰਾਧਾ ਰਾਣੀ ਵਜੋਂ ਹੋਈ ਹੈ।

ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੌਤ ਤੋਂ ਪਹਿਲਾਂ ਕਰੀਬ 1 ਘੰਟੇ ਤੋਂ ਵੱਧ ਸਮਾਂ ਰਾਧਾ ਰਾਣੀ ਵ੍ਹੀਲ ਚੇਅਰ ਉਤੇ ਬੈਠੀ ਤੜਫਦੀ ਰਹੀ ਪਰ ਹਸਪਤਾਲ ਵਲੋਂ ਉਸ ਨੂੰ ਆਕਸੀਜ਼ਨ ਵਾਲੇ ਸਿਲੰਡਰ ਦੀ ਬਜਾਏ ਖਾਲੀ ਸਿਲੰਡਰ ਦਿੱਤਾ ਸੀ। ਮੌਤ ਤੋਂ ਬਾਅਦ ਵੀ ਉਸਦੀ ਲਾਸ਼ ਨੂੰ ਵ੍ਹੀਲ ਚੇਅਰ ਉੱਤੇ ਪਈ ਰਹੀ ਅਤੇ ਪਰਿਵਾਰ ਵਿਲਖਦਾ ਰਿਹਾ।

ਪਰਿਵਾਰ ਵੱਲੋਂ ਸੂਚਨਾ ਦੇਣ ’ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਹਸਪਤਾਲ ਪੁੱਜੀ ਅਤੇ ਮ੍ਰਿਤਕ ਦੇਹ ਨੂੰ ਪੈਕ ਕਰ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਦੀ ਮੌਤ ਲਈ ਹਸਪਤਾਲ ਪ੍ਰਸ਼ਾਸਨ ਜਿੰਮੇਵਾਰ ਹੈ, ਕਿਉਂਕਿ ਜੇਕਰ ਸਮੇਂ ਸਿਰ ਆਕਸੀਜਨ ਮਿਲ ਜਾਂਦੀ ਤਾਂ ਇਹ ਮੌਤ ਨਹੀਂ ਸੀ ਹੋਣੀ ।

ਓਧਰ ਥਾਣਾ ਡਿਵੀਜ਼ਨ ਨੰਬਰ 7 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਆਕਸੀਜਨ ਸਿਲੰਡਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।