ਚੰਡੀਗੜ੍ਹ, 31 ਜਨਵਰੀ | ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਆਪਣਾ ਕੈਲੰਡਰ ਜਾਰੀ ਕਰਨ ਤੋਂ ਬਾਅਦ ਉਸ ਉਤੇ ਜਵਾਬੀ ਹਮਲਾ ਕੀਤਾ ਅਤੇ ਕਿਹਾ ਕਿ ਬਾਦਲ ਪੰਜਾਬ ਦੇ ਵਿਕਾਸ ਨਹੀਂ ‘ਵਿਨਾਸ਼ ਪੁਰਸ਼’ ਹਨ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕੱਲ ਇਕ ਕੈਲੰਡਰ ਜਾਰੀ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਬਾਦਲਾਂ ਨੂੰ ‘ਵਿਕਾਸ ਪੁਰਸ਼’ ਦੱੱਸਿਆ ਕਿਉਂਕਿ ਉਨ੍ਹਾਂ ਨੇ ਸੱਤਾ ‘ਚ ਰਹਿੰਦਿਆਂ ਪੰਜਾਬ ਅਤੇ ਪੰਜਾਬੀਆਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਕਾਰੋਬਾਰ ਦਾ ਵਿਕਾਸ ਕੀਤਾ।
‘ਆਪ’ ਪੰਜਾਬ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਲਿਖਿਆ, “ਸੁਖਬੀਰ ਬਾਦਲ, ਤੁਸੀਂ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ, ਤੁਸੀਂ ਚਿੱਟੇ ਦਾ ਵਿਕਾਸ ਕੀਤਾ, ਤੁਸੀਂ ਆਪਣੀਆਂ ਬੱਸਾਂ ਦਾ ਵਿਕਾਸ ਕੀਤਾ, ਪੰਜਾਬ ਦੇ ਲੋਕਾਂ ਦਾ ਨਹੀਂ ਆਪਣੇ ਪਰਿਵਾਰ ਦਾ ਵਿਕਾਸ ਕੀਤਾ, ਤੁਸੀਂ ਪੰਜਾਬ ‘ਚ ਗੈਂਗਸਟਰਾਂ ਦਾ ਵਿਕਾਸ ਕੀਤਾ।
‘ਆਪ’ ਨੇ ਅੱਗੇ ਕਿਹਾ ਕਿ ਸਭ ਜਾਣਦੇ ਹਨ ਕਿ ਬਾਦਲਾਂ ਨੇ ਕੀ ਕੀਤਾ, ਇਸੇ ਲਈ ਲੋਕਾਂ ਨੇ 2022 ‘ਚ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ। ਬਾਦਲਾਂ ਨੇ ਆਪਣੇ ਸਿਆਸੀ ਫਾਇਦੇ ਲਈ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨਾਲ ਵਾਰ-ਵਾਰ ਧੋਖਾ ਕੀਤਾ। ਬੇਅਦਬੀ ਦੀਆਂ ਘਟਨਾਵਾਂ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀਆਂ ਘਟਨਾਵਾਂ ਬਾਰੇ ਕੌਣ ਨਹੀਂ ਜਾਣਦਾ। ਪੰਜਾਬ ਦੇ ਲੋਕ ਬਾਦਲ ਪਰਿਵਾਰ ‘ਤੇ ਮੁੜ ਕਦੇ ਵੀ ਪੰਜਾਬ ਦੀ ਜ਼ਿੰਮੇਵਾਰੀ ਜਾਂ ਪੰਥ ਦੇ ਮਾਮਲਿਆਂ ‘ਚ ਭਰੋਸਾ ਨਹੀਂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਇਹ ਹਕੀਕਤ ਮੰਨ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਸਿਆਸਤ ਖਤਮ ਹੋ ਚੁੱਕੀ ਹੈ।