ਲੁਧਿਆਣਾ ‘ਚ ਨਾਕੇਬੰਦੀ ਦੌਰਾਨ ਪਤੀ-ਪਤਨੀ ਹੈਰੋਇਨ ਸਮੇਤ ਗ੍ਰਿਫਤਾਰ, ਜ਼ਮਾਨਤ ‘ਤੇ ਆਏ ਪਤੀ ‘ਤੇ 10 ਕੇਸ ਹਨ ਦਰਜ

0
981

ਜਗਰਾਓਂ/ਲੁਧਿਆਣਾ, 6 ਦਸੰਬਰ | CIA ਪੁਲਿਸ ਨੇ ਨਸ਼ਾ ਤਸਕਰੀ ਦਾ ਕਾਰੋਬਾਰ ਕਰਨ ਵਾਲੇ ਕਾਰ ਸਵਾਰ ਪਤੀ-ਪਤਨੀ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਅਤੇ 40 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਉਰਫ ਲੌਂਗਾ ਅਤੇ ਇੰਦਰਜੀਤ ਕੌਰ ਉਰਫ ਇੰਦੂ ਵਾਸੀ ਚੁੰਗੀ ਨੰਬਰ 5 ਹਰਦੇਵ ਨਗਰ ਅਗਵਾੜ ਗੁੱਜਰਾ ਵਜੋਂ ਹੋਈ ਹੈ।

ਐਸ.ਆਈ. ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਸ਼ੇਰਪੁਰਾ ਚੌਕ ਵਿਖੇ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਪਤੀ-ਪਤਨੀ ਮਿਲ ਕੇ ਜਗਰਾਓਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਨਸ਼ਾ ਸਪਲਾਈ ਕਰਨ ਦਾ ਧੰਦਾ ਕਰਦੇ ਹਨ ਜੋ ਕਿ ਇਸ ਸਮੇਂ ਵੀ ਆਪਣੀ ਸਵਿਫਟ ਕਾਰ ਵਿਚ ਨਾਨਕਸਰ ਰੋਡ ਤੋਂ ਕੋਠੇ ਚੱਕ ਰਾਹੀਂ ਜਗਰਾਓਂ ਸਾਈਡ ਵੱਲ ਆ ਰਹੇ ਹਨ।

ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਕਰਕੇ ਕਾਰ  ‘ਚ ਸਵਾਰ ਪਤੀ-ਪਤਨੀ ਨੂੰ ਰੋਕ ਕੇ ਤਲਾਸ਼ੀ ਲਈ। ਇਸ ਦੌਰਾਨ ਪੁਲਿਸ ਨੇ 50 ਗ੍ਰਾਮ ਹੈਰੋਇਨ ਅਤੇ 40 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਵਿਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਹੈ।

ਪੁਲਿਸ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕਰੇਗੀ। ਦੱਸ ਦਈਏ ਕਿ ਫੜੀ ਗਈ ਮਹਿਲਾ ਨੇ ਕੁਝ ਮਹੀਨੇ ਪਹਿਲਾਂ ਰਿਸ਼ਵਤ ਮੰਗਣ ਦੇ ਦੋਸ਼ ‘ਚ ਇਕ ਪੁਲਿਸ ਅਧਿਕਾਰੀ ‘ਤੇ ਦੋਸ਼ ਲਗਾ ਕੇ ਪੁਲਿਸ ਵਿਭਾਗ ਦੀ ਬਦਨਾਮੀ ਕੀਤੀ ਸੀ। ਆਖਿਰਕਾਰ ਪੁਲਿਸ ਨੇ ਹੁਣ ਮਹਿਲਾ ਨੂੰ ਉਸਦੇ ਪਤੀ ਸਮੇਤ ਫੜ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ SI ਗੁਰਸੇਵਕ ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਪਤੀ ਖ਼ਿਲਾਫ਼ ਨਸ਼ਾ ਤਸਕਰੀ ਦੇ 10 ਕੇਸ ਦਰਜ ਹਨ। ਕਈ ਨਸ਼ਾ ਤਸਕਰੀ ਦੇ ਕੇਸਾਂ ਕਾਰਨ ਸਲਾਖਾਂ ਪਿੱਛੇ ਬੰਦ ਹਰਪ੍ਰੀਤ ਸਿੰਘ ਲੌਂਗਾ ਖ਼ਿਲਾਫ਼ ਲੜਾਈ-ਝਗੜੇ ਦੇ ਕੇਸ ਦਰਜ ਹਨ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮੁਲਜ਼ਮ ਫਿਰ ਤੋਂ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੰਦਾ ਸੀ।