ਬਠਿੰਡਾ ਮਿਲਟਰੀ ਸਟੇਸ਼ਨ ‘ਚ 4 ਜਵਾਨਾਂ ਦੀ ਹੱਤਿਆ ਕਾਰਨ ਰੈੱਡ ਅਲਰਟ ਜਾਰੀ, ਸਕੂਲ ਬੰਦ

0
820

ਬਠਿੰਡਾ | ਇਥੋਂ ਦੇ ਮਿਲਟਰੀ ਸਟੇਸ਼ਨ ‘ਤੇ ਫੌਜ ਦੇ ਚਾਰ ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੋ ਸ਼ੱਕੀ ਹਮਲਾਵਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲਿਸ ਉਨ੍ਹਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਘਟਨਾ ਦੇ 24 ਘੰਟੇ ਬਾਅਦ ਵੀ ਫੌਜੀ ਖੇਤਰ ਵਿੱਚ ਰੈੱਡ ਅਲਰਟ ਜਾਰੀ ਹੈ। ਮਿਲਟਰੀ ਖੇਤਰ ਦੇ ਸਕੂਲ ਅੱਜ ਵੀ ਬੰਦ ਰਹੇ। ਲੋਕਾਂ ਨੂੰ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਹਦਾਇਤ ਕੀਤੀ ਗਈ ਹੈ।

ਇਸ ਦੇ ਨਾਲ ਹੀ ਦੇਰ ਰਾਤ ਸਿਵਲ ਹਸਪਤਾਲ ਵਿੱਚ ਚਾਰ ਜਵਾਨਾਂ ਦਾ ਪੋਸਟਮਾਰਟਮ ਕੀਤਾ ਗਿਆ। ਉਨ੍ਹਾਂ ਦੀ ਛਾਤੀ ਗੋਲੀਆਂ ਨਾਲ ਛੱਲੀ ਹੋਈ ਸੀ। ਅੱਜ ਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਿੰਡ ਭੇਜ ਦਿੱਤੀਆਂ ਜਾਣਗੀਆਂ। ਉਧਰ, ਫ਼ੌਜ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵੀ ਦੇਰ ਰਾਤ ਤੱਕ ਜਾਰੀ ਰਹੀ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਕਰਨ ਵਾਲੇ ਫੌਜੀ ਵਰਦੀ ‘ਚ ਨਹੀਂ ਸਨ। ਉਨ੍ਹਾਂ ਨੇ ਸਾਦੇ ਕੱਪੜੇ ਪਾਏ ਹੋਏ ਸਨ। 80 ਮੀਡੀਅਮ ਰੈਜੀਮੈਂਟ ਦੇ ਇਹ ਸਿਪਾਹੀ ਅਫਸਰਾਂ ਦੀ ਮੇਸ ‘ਚ ਗਾਰਡ ਡਿਊਟੀ ’ਤੇ ਤਾਇਨਾਤ ਸਨ।

ਫੌਜ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 4:35 ਵਜੇ ਹੋਈ। 4 ਮੌਤਾਂ ਤੋਂ ਇਲਾਵਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਤੇ ਫੌਜ ਦੀਆਂ ਟੀਮਾਂ ਇਸ ਦੀ ਸਾਂਝੇ ਤੌਰ ‘ਤੇ ਜਾਂਚ ਕਰ ਰਹੀਆਂ ਹਨ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਵਾਨਾਂ ਨੂੰ ਇਨਸਾਸ ਰਾਈਫਲ ਨਾਲ ਗੋਲੀ ਮਾਰੀ ਗਈ ਸੀ। ਪੁਲਿਸ ਨੇ ਮੌਕੇ ਤੋਂ 19 ਖਾਲੀ ਖੋਲ ਬਰਾਮਦ ਕੀਤੇ ਹਨ। ਗੋਲੀ ਚਲਾਉਣ ਵਾਲੇ 2 ਵਿਅਕਤੀ ਚਿੱਟਾ ਕੁੜਤਾ-ਪਜਾਮਾ ਪਹਿਨ ਕੇ ਆਏ ਸਨ। ਮੂੰਹ ਢੱਕਿਆ ਹੋਇਆ ਸੀ। ਬਠਿੰਡਾ ਪੁਲਿਸ ਨੇ ਇਸ ‘ਚ ਦਹਿਸ਼ਤੀ ਕੋਣ ਤੋਂ ਇਨਕਾਰ ਨਹੀਂ ਕੀਤਾ ਹੈ।

ਘਟਨਾ ਤੋਂ ਦੋ ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਤੋਂ ਇਨਸਾਸ ਰਾਈਫਲ ਅਤੇ ਗੋਲੀਆਂ ਗਾਇਬ ਹੋ ਗਈਆਂ ਸਨ। ਪੁਲਿਸ ਅਤੇ ਫੌਜ ਨੂੰ ਘਟਨਾ ‘ਚ ਇਸ ਰਾਈਫਲ ਦੀ ਵਰਤੋਂ ਦਾ ਸ਼ੱਕ ਹੈ। ਫੌਜ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਰਚ ਟੀਮ ਨੂੰ ਇੱਕ ਇਨਸਾਸ ਰਾਈਫਲ ਮਿਲੀ ਹੈ, ਜਿਸ ‘ਚ ਕੁਝ ਮੈਗਜ਼ੀਨ ਵੀ ਹਨ। ਪੁਲਿਸ ਅਤੇ ਫੌਜ ਦੀ ਸਾਂਝੀ ਟੀਮ ਨੇ ਰਾਈਫਲ ਨੂੰ ਫੌਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ, ਜਿਸ ਤੋਂ ਸਪੱਸ਼ਟ ਹੋਵੇਗਾ ਕਿ ਇਹ ਘਟਨਾ ਇਸ ਰਾਈਫਲ ਨਾਲ ਕੀਤੀ ਗਈ ਸੀ ਜਾਂ ਨਹੀਂ। ਫੌਜ ਨੇ ਕਿਸੇ ਸ਼ੱਕੀ ਨੂੰ ਹਿਰਾਸਤ ਵਿਚ ਲੈਣ ਤੋਂ ਵੀ ਇਨਕਾਰ ਕੀਤਾ ਹੈ।

ਗੋਲੀਬਾਰੀ ਤੋਂ ਬਾਅਦ ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ। ਲੋਕਾਂ ਦੇ ਆਉਣ-ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਫੌਜ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਅੰਦਰ ਰਹਿ ਰਹੇ ਸੈਨਿਕਾਂ ਦੇ ਪਰਿਵਾਰਾਂ ਨੂੰ ਘਰ ‘ਚ ਹੀ ਰਹਿਣ ਲਈ ਕਿਹਾ ਗਿਆ। ਛਾਉਣੀ ਦੇ ਅੰਦਰਲੇ ਸਕੂਲ ਵੀ ਬੰਦ ਕਰ ਦਿੱਤੇ ਗਏ। ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਦਾ ਕੇਸ ਦਰਜ ਕਰ ਲਿਆ ਹੈ।