ਚੰਡੀਗੜ੍ਹ, 20 ਦਸੰਬਰ | ਪੰਜਾਬ ਵਿਚ ਠੰਡ ਵਧਦੀ ਜਾ ਰਹੀ ਹੈ। ਧੁੰਦ ਦੀ ਚਾਦਰ ਨੇ ਲਪੇਟ ਵਿਚ ਲੈ ਲਿਆ ਹੈ। ਮੌਸਮ ਵਿਭਾਗ ਨੇ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪਹਾੜਾਂ ‘ਤੇ ਚੱਲ ਰਹੀਆਂ ਹਵਾਵਾਂ ਕਾਰਨ ਦਿਨ ਤੋਂ ਬਾਅਦ ਰਾਤ ਨੂੰ ਵੀ ਠੰਡ ਵਧਣ ਲੱਗੀ ਹੈ। ਇਨ੍ਹਾਂ ਉੱਤਰ-ਪੱਛਮੀ ਹਵਾਵਾਂ ਕਾਰਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਪਹਾੜਾਂ ਵਿਚ ਬਰਫਬਾਰੀ ਜਾਰੀ ਹੈ।
ਪੰਜਾਬ ਦੇ 9 ਜ਼ਿਲ੍ਹਿਆਂ ਦਾ ਤਾਪਮਾਨ ਸ਼ਿਮਲਾ ਤੋਂ ਵੀ ਹੇਠਾਂ ਡਿੱਗ ਗਿਆ ਹੈ। ਪੰਜਾਬ ਦੇ ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਫ਼ਿਰੋਜ਼ਪੁਰ, ਗੁਰਦਾਸਪੁਰ ਅਤੇ ਰੋਪੜ ਦਾ ਘੱਟੋ-ਘੱਟ ਪਾਰਾ 5 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਦਿਨਾਂ ‘ਚ ਪੰਜਾਬ ਦੇ 18 ਜ਼ਿਲਿਆਂ ‘ਚ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਜ਼ੋਰ ਫੜੇਗੀ। ਇਸ ਦੇ ਨਾਲ ਹੀ 23 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਠੰਡ ਹੋਰ ਵਧੇਗੀ।