ਚੰਡੀਗੜ੍ਹ, 12 ਦਸੰਬਰ | ਪਹਾੜਾਂ ਵਿਚ ਹੋਈ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ‘ਤੇ ਵੀ ਪੈ ਰਿਹਾ ਹੈ। ਪੰਜਾਬ ਵਿਚ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ। ਹੁਣ ਰਾਤ ਨੂੰ ਕੰਬਣੀ ਦੇ ਨਾਲ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਤਾਪਮਾਨ ਵੀ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਅੱਜ ਵੀ ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅਗਲੇ 5 ਦਿਨਾਂ ਤੱਕ ਪੰਜਾਬ ਵਿਚ ਮੌਸਮ ਖੁਸ਼ਕ ਰਹੇਗਾ। ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ।
ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਲੁਧਿਆਣਾ ਵਿਚ ਧੁੰਦ ਹੋਰ ਪਵੇਗੀ। ਐਤਵਾਰ ਨੂੰ ਫਰੀਦਕੋਟ ਅਤੇ ਫ਼ਿਰੋਜ਼ਪੁਰ ਵਿਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪੰਜਾਬ ਵਿਚ ਸਭ ਤੋਂ ਠੰਡਾ ਰਿਹਾ। ਸੋਮਵਾਰ ਨੂੰ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਇਕ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ 10 ਦਿਨਾਂ ਵਿਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿਚ ਹੋਰ ਗਿਰਾਵਟ ਆ ਸਕਦੀ ਹੈ।
ਮੋਗਾ ਵਿਚ ਘੱਟੋ-ਘੱਟ ਤਾਪਮਾਨ 5.5 ਡਿਗਰੀ, ਗੁਰਦਾਸਪੁਰ ਵਿਚ 5.7 ਡਿਗਰੀ, ਬਰਨਾਲਾ ਵਿਚ 5.8 ਡਿਗਰੀ, ਬਠਿੰਡਾ ਵਿਚ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਰੋਪੜ ਵਿਚ 6.0 ਡਿਗਰੀ, ਲੁਧਿਆਣਾ ਵਿਚ 8.4 ਡਿਗਰੀ, ਚੰਡੀਗੜ੍ਹ ਵਿਚ 9.2 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 7.0 ਡਿਗਰੀ, ਪਟਿਆਲਾ ਵਿਚ 8.7 ਡਿਗਰੀ, ਜਲੰਧਰ ਵਿਚ 7.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।