ਡੀਐਸਪੀ ਸੇਖੋਂ ਦਾ ਮੰਤਰੀ ਆਸ਼ੂ ‘ਤੇ ਗੁੜ ਮੰਡੀ ਬੰਬ ਕਾਂਡ ‘ਤੇ ਅੱਤਵਾਦੀ ਗਤਿਵਿਧਿਆਂ ‘ਚ ਸ਼ਾਮਲ ਹੋਣ ਦਾ ਇਲਜ਼ਾਮ, ਮੰਤਰੀ ਨੇ ਕਿਹਾ – ਡੀਐਸਪੀ ਦਾਗੀ

    0
    496

    ਚੰਡੀਗੜ. ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵਲੋਂ ਅੱਜ ਪੰਜਾਬ ਦੇ ਖੁਰਾਕ ਸਿਵਲ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵੱਡੇ ਇਲਜਾਮ ਲਗਾਏ ਜਾਣ ਦੀ ਖਬਰ ਹੈ। ਉਹਨਾਂ ਇਲਜਾਮ ਲਗਾਇਆ ਕਿ ਆਸ਼ੂ ਲੁਧਿਆਣਾ ਗੁੜ ਮੰਡੀ ਬੰਬ ਕਾਂਡ ਵਿੱਚ ਸ਼ਾਮਲ ਰਿਹਾ ਹੈ, ਅਨੇਕਾ ਅੱਤਵਾਦੀ ਗਤੀਵਿਧਿਆਂ ਵਿੱਚ ਵੀ ਮੰਤਰੀ ਆਸ਼ੂ ਦਾ ਹੱਥ ਹੈ। ਉਹਨਾਂ ਇਲਜਾਮ ਲਗਾਇਆ ਕਿ ਮੰਤਰੀ ਆਸ਼ੂ ਨੇ ਆਪਣੇ ਤਾਏ ਦਾ ਵੀ ਕਤਲ ਕਰਵਾਇਆ ਹੈ। ਉਹਨਾਂ ਨੇ ਲੁਧਿਆਣਾ ਪੀਸੀ ਤੋਂ ਕਾਰਵਾਈ ਕਰਣ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਸਾਰੇ ਸਬੂਤ ਸੋਂਪ ਦਿੱਤੇ ਹਨ।

    ਸਾਰੇ ਦੋਸ਼ ਘਟੀਆ ਤੇ ਬੇਬੁਨਿਆਦ: ਦੂਜੇ ਪਾਸੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਐਤਵਾਰ ਨੂੰ ਉਹਨਾਂ ਖਿਲਾਫ ਲਗਾਏ ਸਾਰੇ ਕਥਿਤ ਦੋਸ਼ਾਂ ਨੂੰ ਨਿਰਾਰਥਕ ਅਤੇ ਵਿਅੰਗਾਤਮਕ ਦੱਸਿਆ। ਉਹਨਾਂ ਕਿਹਾ ਕਿ ਡੀਐਸਪੀ ਜਾਣ ਬੁੱਝ ਕੇ 30 ਸਾਲ ਪੁਰਾਣਾ ਕੇਸ  ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿੱਚ ਮਾਣਯੋਗ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਹਨਾਂ ਨੂੰ ਨਿਰਦੋਸ਼ ਘੋਸ਼ਿਤ ਕਰ ਦਿੱਤਾ ਸੀ। ਇਥੇ ਜਾਰੀ ਇਕ ਬਿਆਨ ਵਿੱਚ ਆਸ਼ੂ ਨੇ ਕਿਹਾ ਕਿ ਇੱਕ ਦਾਗੀ ਪੁਲਿਸ ਅਧਿਕਾਰੀ ਵਲੋਂ ਉਹਨਾਂ ‘ਤੇ ਲਗਾਏ ਦੋਸ਼ ਮਹਿਜ ਝੂਠ ਦਾ ਪੁਲੰਦਾ ਹਨ ਅਤੇ ਡੀਐਸਪੀ ਦੀ ਇਸ ਝੂਠੀ ਦੂਸ਼ਣਬਾਜ਼ੀ ਦਾ ਇੱਕੋ ਇੱਕ ਮੰਤਵ ਉਹਨਾਂ ਦੇ ਸਿਆਸੀ ਕਿਰਦਾਰ ‘ਤੇ ਧੱਬਾ ਲਾਉਣਾ ਹੈ।

    ਉਹਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਕਾਨੂੰਨ ਤੋਂ ਉੱਚਾ ਨਹੀਂ ਹੈ ਅਤੇ ਲੋਕਾਂ ਪ੍ਰਤੀ ਆਪਣੇ ਮਾੜੇ ਵਤੀਰੇ ਕਾਰਨ ਸਮੇਂ-ਸਮੇਂ ਮੁਅੱਤਲ ਕੀਤਾ ਗਿਆ ਇੱਕ ਪੁਲਿਸ ਅਧਿਕਾਰੀ ਆਪਣ ਆਪ ਨੂੰ ਝੂਠ ਅਤੇ ਭੱਦੀ ਬਿਆਨਬਾਜ਼ੀ ਨਾਲ ਉਸਾਰੀ ਧੂੰਏਂ ਦੀ ਦੀਵਾਰ ਪਿੱਛੇ ਲੁਕਾ ਨਹੀਂ ਸਕਦਾ। ਆਪਣਾ ਗੁੱਸਾ ਜ਼ਾਹਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਹਨਾਂ ਸ਼ਰਮਨਾਕ ਝੂਠਾ ਦਾ ਜਵਾਬ ਦੇਣਾ ਵੀ ਮੇਰੇ ਲਈ ਹੱਤਕ ਵਾਲੀ ਗੱਲ ਹੈ। ਇਹ ਸ਼ਰਮਨਾਕ ਸੀ ਕਿ ਮੇਰੇ ਪਰਿਵਾਰ ਦੇ ਇਕ ਮੈਂਬਰ ਦਾ ਨਾਮ ਇਸ ਵਿਚ ਖਿੱਚਿਆ ਜਾ ਰਿਹਾ ਹੈ ਜੋ ਹੁਣ ਦੁਨੀਆਂ ਵਿਚ ਨਹੀਂ ਹੈ। ਆਸ਼ੂ ਨੇ ਦੱਸਿਆ ਕਿ ਮੇਰੇ ਚਾਚੇ ਦੀ ਕੁਦਰਤੀ ਮੌਤ ਹੋ ਗਈ ਸੀ। ਉਹਨਾਂ ਕਿਹਾ ਕਿ ਮੇਰੀ ਜ਼ਿੰਦਗੀ ਜਾਂਚ -ਪੜਤਾਲ ਲਈ ਖੁੱਲੀ ਹੈ ਅਤੇ ਕਾਨੂੰਨੀ ਪ੍ਰਕਿਰਿਆਵਾਂ ਖਤਮ ਹੋਣ ਤੋਂ ਬਾਅਦ ਹੀ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।

    ਮੁਅੱਤਲ ਡੀਐਸਪੀ ਨੂੰ ਅਦਾਲਤ ‘ਚ ਜਾਣਾ ਚਾਹੀਦਾ

    ਮੁਅੱਤਲ ਕੀਤੇ ਡੀ.ਐਸ.ਪੀ ਵੱਲੋਂ ਲਗਾਏ ਝੂਠੇ ਦੋਸ਼ਾਂ ‘ਤੇ ਸਖ਼ਤ ਵਿਰੋਧ ਕਰਦਿਆਂ ਆਸ਼ੂ ਨੇ ਕਿਹਾ ਕਿ ਜੇ ਉਹ ਕੁਝ ਕਹਿਣਾ ਚਾਹੁੰਦਾ ਹੈ ਤਾਂ ਉਸਨੂੰ ਅਦਾਲਤਾਂ ਕੋਲ ਜਾਣਾ ਚਾਹੀਦਾ ਜੋ ਅਜਿਹੇ ਮਾਮਲਿਆਂ ਦਾ ਫ਼ੈਸਲਾ ਕਰਨ ਦੇ ਪੂਰੀ ਤਰਾਂ ਸਮਰੱਥ ਹਨ। ਜਨਤਕ ਹਿੱਤਾਂ ਲਈ ਨਿੱਧੜਕਤਾ ਨਾਲ ਪਹਿਰਾ ਦੇਣ ਅਤੇ ਲੋਕਾਂ ਦੀ ਸੇਵਾ ਕਰਨ ਦੇ ਆਪਣੇ ਨਿੱਜੀ ਅਤੇ ਸੰਵਿਧਾਨਕ ਫਰਜ਼ ਨੂੰ ਦੁਹਰਾਉਂਦੇ ਹੋਏ ਆਸ਼ੂ ਨੇ ਕਿਹਾ ਕਿ ਕੁਝ ਵੀ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਵਿਸ਼ਵਾਸ ਲਈ ਲੜਨ ਤੋਂ ਨਹੀਂ ਰੋਕ ਸਕੇਗਾ।