ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਿਰੋਜ਼ਪੁਰ ਦਾ DSP ਗ੍ਰਿਫਤਾਰ, ਦਲਾਲ ਰਾਹੀਂ ਰਿਸ਼ਵਤ ਲੈਣ ਦੇ ਲੱਗੇ ਦੋਸ਼

0
1382

ਫਿਰੋਜ਼ਪੁਰ, 12 ਦਸੰਬਰ| ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫਿਰੋਜ਼ਪੁਰ ਦੇ ਸ਼ਹਿਰੀ ਹਲਕੇ ਦੇ ਡੀਐੱਸਪੀ ਸੁਰਿੰਦਰ ਪਾਲ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਝ ਦਿਨ ਪਹਿਲਾਂ ਡੀਐੱਸਪੀ ਨੂੰ ਥਾਣਾ ਛਾਉਣੀ ਵਿਚ ਦਰਜ ਹੋਏ ਇਕ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ। ਡੀਐੱਸਪੀ ’ਤੇ ਦਲਾਲ ਰਾਹੀਂ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਪੜਤਾਲ ਵਿਚ ਸਾਹਮਣੇ ਆਇਆ ਕਿ ਬਾਂਸਲ ਦੇ ਬੈਂਕ ਖਾਤੇ ਵਿਚ ਰਿਸ਼ਵਤ ਦੀ ਰਕਮ ਜਮ੍ਹਾਂ ਹੋਈ ਸੀ।



ਜ਼ਿਕਰਯੋਗ ਹੈ ਕਿ ਇੱਥੋਂ ਦੀ ਕੋਠੀ ਰਾਏ ਸਾਹਿਬ ਦੇ ਵਾਸੀ ਗੁਰਮੇਜ ਸਿੰਘ ਪੁੱਤਰ ਰਫ਼ੀਕ ਖ਼ਿਲਾਫ਼ ਪਿਛਲੇ ਸਾਲ ਥਾਣਾ ਛਾਉਣੀ ਵਿਚ ਇੱਕ ਲੜਕੀ ਕੋਲੋਂ ਰੇਲਵੇ ਵਿਚ ਟੀਟੀਈ ਭਰਤੀ ਕਰਵਾਉਣ ਦੇ ਨਾਂ ’ਤੇ ਸੱਤ ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਕੇਸ ਦਰਜ ਹੋਇਆ ਸੀ। ਇਹ ਥਾਣਾ ਡੀਐੱਸਪੀ ਬਾਂਸਲ ਅਧੀਨ ਆਉਂਦਾ ਸੀ।

ਬਾਂਸਲ ਨੇ ਗੁਰਮੇਜ ਸਿੰਘ ਨੂੰ ਆਪਣੀ ਜਾਂਚ ਵਿਚ ਬੇਗੁਨਾਹ ਸਾਬਤ ਕਰ ਦਿੱਤਾ। ਇਸ ਮਗਰੋਂ ਗੁਰਮੇਜ ਸਿੰਘ, ਡੀਐੱਸਪੀ ਬਾਂਸਲ ਦੇ ਕਾਫ਼ੀ ਨੇੜੇ ਆ ਗਿਆ ਅਤੇ ਕੰਮ ਕਰਾਉਣ ਦੇ ਲਈ ਲੋਕਾਂ ਤੋਂ ਰਿਸ਼ਵਤ ਲੈ ਕੇ ਉਸ ਨੂੰ ਦੇਣ ਲੱਗ ਪਿਆ। ਪੜਤਾਲ ਦੌਰਾਨ ਪਤਾ ਲੱਗਿਆ ਕਿ ਕੁਝ ਸਮਾਂ ਪਹਿਲਾਂ ਗੁਰਮੇਜ ਸਿੰਘ ਨੇ ਪੰਜ ਲੱਖ ਰੁਪਏ ਡੀਐੱਸਪੀ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਏ ਸਨ।