ਲੁਧਿਆਣਾ | ਬੀਤੀ ਰਾਤ ਕਰੀਬ 12 ਵਜੇ ਇਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਬਿਜਲੀ ਦੇ ਖੰਭੇ ਤੋੜ ਦਿੱਤੇ। ਟਰੱਕ ਦਾ ਸੰਤੁਲਨ ਵਿਗੜਨ ਕਾਰਨ ਟਰੱਕ ਫਰਨੀਚਰ ਦੇ ਸ਼ੋਅਰੂਮ ‘ਚ ਜਾ ਵੱਜਿਆ। ਡਰਾਈਵਰ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਉਸ ਨੂੰ ਜ਼ਖਮੀ ਹਾਲਤ ‘ਚ ਟਰੱਕ ਦੇ ਕੈਬਿਨ ‘ਚੋਂ ਬਾਹਰ ਕੱਢਿਆ ਅਤੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ।
ਟਰੱਕ ਬੇਹੱਦ ਨੁਕਸਾਨੀ ਗਈ ਹਾਲਤ ‘ਚ ਹੈ। ਬਿਜਲੀ ਦੇ ਖੰਭੇ ਡਿੱਗਣ ਕਾਰਨ ਵਿਕਾਸ ਨਗਰ ਸਮੇਤ ਕਈ ਇਲਾਕਿਆਂ ‘ਚ ਦੇਰ ਰਾਤ ਤੋਂ ਬਿਜਲੀ ਨਹੀਂ ਹੈ। ਕੁਝ ਇਲਾਕਿਆਂ ‘ਚ ਬਿਜਲੀ ਸਪਲਾਈ ਸ਼ੁਰੂ ਹੋ ਗਈ ਹੈ ਪਰ ਕੁਝ ਇਲਾਕਿਆਂ ‘ਚ ਬਿਜਲੀ ਸਪਲਾਈ ਅਜੇ ਵੀ ਬੰਦ ਹੈ।
ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਾਤ 12 ਵਜੇ ਤੋਂ ਬਾਅਦ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਗਿਆ। ਉਸ ਦਾ ਡਰਾਈਵਰ ਸ਼ਰਾਬੀ ਸੀ। ਉਹ ਬਿਨਾਂ ਰੁਕੇ ਖੰਭਿਆਂ ਨੂੰ ਤੋੜ ਕੇ ਲਗਭਗ 200 ਮੀਟਰ ਤੱਕ ਭੱਜਿਆ ਅਤੇ ਇਕ ਫਰਨੀਚਰ ਦੇ ਸ਼ੋਅਰੂਮ ‘ਚ ਦਾਖਲ ਹੋਇਆ। ਸ਼ੋਅਰੂਮ ‘ਚ ਦਾਖਲ ਹੋਣ ਕਾਰਨ ਫਰਨੀਚਰ ਮਾਲਕ ਦਾ ਕਾਫੀ ਨੁਕਸਾਨ ਹੋਇਆ। ਹਾਦਸੇ ਤੋਂ ਬਾਅਦ ਇਲਾਕੇ ‘ਚ ਬਿਜਲੀ ਗੁੱਲ ਹੋ ਗਈ। ਕੁਝ ਖੇਤਰਾਂ ‘ਚ ਦੂਜੇ ਬਿਜਲੀ ਘਰ ਤੋਂ ਸਪਲਾਈ ਦਿੱਤੀ ਗਈ।
ਕਈ ਇਲਾਕਿਆਂ ‘ਚ ਰਾਹਤ ਕਾਰਜ ਅਜੇ ਵੀ ਜਾਰੀ ਹਨ। ਡਰਾਈਵਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਚੌਕੀ ਸ਼ਹੀਦ ਭਗਤ ਸਿੰਘ ਨੇ ਟਰੱਕ ਨੂੰ ਕਬਜ਼ੇ ‘ਚ ਲੈ ਲਿਆ ਹੈ। ਦੂਜੇ ਪਾਸੇ ਪੁਲਿਸ ਅਨੁਸਾਰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਜਲਦੀ ਹੀ ਡਰਾਈਵਰ ਦੀ ਪਛਾਣ ਕਰ ਲਈ ਜਾਵੇਗੀ।