ਅੰਮ੍ਰਿਤਸਰ | ਨਸ਼ੇ ਵਿਚ ਟੁੰਨ 2 ਨੌਜਵਾਨਾਂ ਨੇ ਥਾਣਾ ਸੀ-ਡਵੀਜ਼ਨ ਦੇ ਬਾਹਰ ਖੜ੍ਹੇ ਵਾਹਨਾਂ ‘ਤੇ ਕਾਰ ਚੜ੍ਹਾ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਏਅਰਬੈਗ ਖੁੱਲ੍ਹ ਗਏ। ਪੁਲਸ ਦੇ ਡਰ ਤੋਂ ਦੋਵੇਂ ਨੌਜਵਾਨ ਉਸੇ ਸਮੇਂ ਕਾਰ ਛੱਡ ਕੇ ਫਰਾਰ ਹੋ ਗਏ।
ਘਟਨਾ ਰਾਤ ਕਰੀਬ 12 ਵਜੇ ਵਾਪਰੀ। ਥਾਣਾ ਸੀ-ਡਵੀਜ਼ਨ ਦੇ ਬਾਹਰ ਜ਼ਬਰਦਸਤ ਧਮਾਕਾ ਹੋਇਆ। ਜਦੋਂ ਲੋਕਾਂ ਨੇ ਬਾਹਰ ਆ ਕੇ ਦੇਖਿਆ ਤਾਂ ਪੁਲਿਸ ਥਾਣੇ ਅੰਦਰ ਕੇਸਾਂ ਨਾਲ ਸਬੰਧਤ ਆਏ ਲੋਕਾਂ ਦੀਆਂ ਕਾਰਾਂ ਉਪਰ ਗੱਡੀ ਚੜ੍ਹੀ ਸੀ। 2 ਨੌਜਵਾਨ ਲੋਕਾਂ ਦੇ ਸਾਹਮਣੇ ਕਾਰ ‘ਚੋਂ ਉਤਰ ਕੇ ਭੱਜ ਗਏ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਮਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਾਰ ਥਾਣੇ ਦੇ ਬਾਹਰ ਖੜ੍ਹੇ ਵਾਹਨਾਂ ਨਾਲ ਬੁਰੀ ਤਰ੍ਹਾਂ ਟਕਰਾ ਗਈ, ਜਿਸ ਤੋਂ ਬਾਅਦ ਰਾਤ ਨੂੰ ਹੀ ਪੁਲਿਸ ਨੂੰ ਕਰੇਨ ਬੁਲਾਉਣੀ ਪਈ। ਕਾਰ ਨੂੰ ਕਰੇਨ ਨਾਲ ਸਿੱਧਾ ਕੀਤਾ ਗਿਆ ਅਤੇ ਸੜਕ ਦੇ ਕਿਨਾਰੇ ਖੜ੍ਹੀ ਕਰ ਦਿੱਤੀ। ਨੰਬਰ ਦੇ ਆਧਾਰ ‘ਤੇ ਡੀਟੀਓ ਦਫ਼ਤਰ ਤੋਂ ਕਾਰ ਦੇ ਮਾਲਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ਵਿਚ ਸੀ। ਪਹਿਲੀ ਕਾਰ ਡਿਵਾਈਡਰ ਨਾਲ ਟਕਰਾਈ। ਇਸ ਤੋਂ ਬਾਅਦ 2 ਮੋੜ ਲੈ ਕੇ ਉਹ ਥਾਣੇ ਦੇ ਬਾਹਰ ਖੜ੍ਹੇ ਵਾਹਨਾਂ ਉੱਪਰ ਚੜ੍ਹ ਗਈ। ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ।