ਨਸ਼ੇ ਨੇ ਇਕ ਹਫਤੇ ‘ਚ ਬੁਝਾਏ 4 ਘਰਾਂ ਦੇ ਚਿਰਾਗ, ਚਿੱਟੇ ਦੀ ਓਵਰਡੋਜ਼ ਕਾਰਨ ਹੋਈ ਮੌਤ

0
569

ਬਠਿੰਡਾ, 2 ਅਕਤੂਬਰ | ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਹੋਰਨਾਂ ਪਿੰਡਾਂ ਵਿਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਉਣ ਵਾਲੀ ਸੰਗਤ ਪੁਲਿਸ ਦੀ ਨੱਕ ਹੇਠ ਪਿੰਡ ਸੰਗਤ ਕਲਾਂ ਵਿਚ ਚਿੱਟੇ ਦਾ ਧੰਦਾ ਚੱਲ ਰਿਹਾ ਹੈ। ਹੁਣ ਤੱਕ ਇਸ ਪਿੰਡ ਦੇ ਕਈ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ। ਅੱਜ ਵੀ ਚਿੱਟੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਹੈ।

ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਨਾ ਫੜਨ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਹੈ। ਇੱਕ ਹਫ਼ਤੇ ਵਿਚ 4 ਨੌਜਵਾਨਾਂ ਦੀ ਚਿੱਟੇ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਾਦਿੱਤਾ ਸਿੰਘ (19) ਪੁੱਤਰ ਬਿੱਕਰ ਸਿੰਘ ਦੀ ਚਿੱਟੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ ਸੀ, ਜਿਸ ਦੇ ਸਸਕਾਰ ਤੋਂ ਬਾਅਦ ਪਿੰਡ ਦੇ ਹੀ ਇਕ ਹੋਰ ਨੌਜਵਾਨ ਵਕੀਲ ਸਿੰਘ ਪੁੱਤਰ ਕਾਲਾ ਦੀ ਵੀ ਚਿੱਟੇ ਦੇ ਟੀਕੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

ਪਿੰਡ ਵਾਸੀਆਂ ਨੇ ਦੱਸਿਆ ਕਿ ਚਿੱਟੇ ਨੇ ਇੱਕ ਹਫ਼ਤੇ ਵਿਚ ਉਨ੍ਹਾਂ ਦੇ 4 ਨੌਜਵਾਨਾਂ ਨੂੰ ਖਾ ਲਿਆ। ਪਿੰਡ ਦੇ ਸਾਬਕਾ ਸਰਪੰਚ ਰੇਸ਼ਮ ਸਿੰਘ ਅਤੇ ਕੌਂਸਲਰ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਚਕਾਰ ਪਿਆ ਪੀਰਾਂ ਦਾ ਖਾਲੀ ਘਰ ਨਸ਼ਿਆਂ ਦਾ ਅੱਡਾ ਬਣ ਗਿਆ ਹੈ, ਜਿੱਥੇ ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ‘ਚ ਜਾ ਰਿਹਾ ਹੈ। ਪਿੰਡ ਵਿਚ ਨਾਜਾਇਜ਼ ਤੌਰ ’ਤੇ ਨਸ਼ਾ ਵੇਚਿਆ ਜਾਂਦਾ ਹੈ ਪਰ ਪੁਲਿਸ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ।