ਜਲੰਧਰ, 3 ਮਾਰਚ | ਸਿਟੀ ਪੁਲਿਸ ਨੇ ਕੋਰੀਅਰ ਸਰਵਿਸ ਰਾਹੀਂ ਵਿਦੇਸ਼ਾਂ ‘ਚ ਨਸ਼ਾ ਸਪਲਾਈ ਕਰਨ ਵਾਲੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਕ ਕੋਰੀਅਰ ਬਰਾਮਦ ਕੀਤਾ ਹੈ, ਜਿਸ ‘ਚ ਕਰੀਬ 5 ਕਿਲੋ ਅਫੀਮ ਬਰਾਮਦ ਹੋਈ ਹੈ। ਇਹ ਕਾਰਵਾਈ ਸੀਆਈਏ ਸਟਾਫ਼ ਜਲੰਧਰ ਸਿਟੀ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਦੇਖ-ਰੇਖ ਹੇਠ ਕੀਤੀ ਗਈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਲੰਧਰ ਸਿਟੀ ਦੇ ਸੀਆਈਏ ਸਟਾਫ਼ ਦੀਆਂ ਟੀਮਾਂ ਨੇ ਉਕਤ ਕਾਰਵਾਈ ਕੀਤੀ ਹੈ, ਜਿਸ ‘ਚ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼ ਕੀਤਾ। ਡਰੱਗ ਕਾਰਟੈਲ ਨੂੰ ਯੂਕੇ, ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ‘ਚ ਬਹੁਤ ਸਾਰੇ ਨਸ਼ਾ ਤਸਕਰ ਚਲਾ ਰਹੇ ਸਨ।
ਮੁਲਜ਼ਮ ਅੰਤਰਰਾਸ਼ਟਰੀ ਕੋਰੀਅਰ ਸੇਵਾਵਾਂ ਦੀ ਵਰਤੋਂ ਕਰ ਕੇ ਪੂਰੀ ਦੁਨੀਆ ‘ਚ ਸਪਲਾਈ ਪਹੁੰਚਾਉਂਦੇ ਸਨ। ਹੁਣ ਤੱਕ ਦੀ ਜਾਂਚ ‘ਚ ਉਕਤ ਮੁਲਜ਼ਮਾਂ ਦੀ ਭਾਲ ਲਈ ਜਲੰਧਰ ਅਤੇ ਹੋਰ ਜ਼ਿਲ੍ਹਿਆਂ ਤੋਂ ਕਈ ਕੋਰੀਅਰ ਸਰਵਿਸ ਚਲਾਉਣ ਵਾਲੀਆਂ ਕੰਪਨੀਆਂ ਨਿਕਲੀਆਂ ਹਨ, ਜਿਸ ਬਾਰੇ ਪੁਲਿਸ ਅੱਜ ਖੁਲਾਸਾ ਕਰੇਗੀ। ਫਿਲਹਾਲ ਪੁਲਿਸ ਨੇ ਇਕ ਪਾਰਸਲ ਬਰਾਮਦ ਕਰ ਲਿਆ ਹੈ, ਜਿਸ ਨੂੰ ਜਲੰਧਰ ਦੀ ਕੋਰੀਅਰ ਕੰਪਨੀ ਰਾਹੀਂ ਕੈਨੇਡਾ ਦੇ ਐਲਬਰਟ ਸੂਬੇ ‘ਚ ਭੇਜਿਆ ਜਾਣਾ ਸੀ।
ਪੁਲਿਸ ਨੇ ਇਸ ਮਾਮਲੇ ‘ਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੇ ਖਿਲਾਫ ਥਾਣਾ ਜਲੰਧਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦ ਹੀ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਮੁਲਜ਼ਮਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਨੂੰ ਲੈ ਕੇ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਪੁਲਿਸ ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰੇਗੀ।