ਪੰਜਾਬ ‘ਚ ਨਸ਼ੇ ਦਾ ਕਹਿਰ ਜਾਰੀ, ਚਿੱਟੇ ਦੀ ਓਵਰਡੋਜ਼ ਨਾਲ 22 ਸਾਲ ਦੀ ਕੁੜੀ ਦੀ ਮੌਤ

0
997

ਬਠਿੰਡਾ | ਪੰਜਾਬ ਦੇ ਕਈ ਘਰਾਂ ਵਿੱਚ ਚਿੱਟੇ ਨੇ ਸੱਥਰ ਵਿਛਾ ਦਿੱਤੇ ਹਨ। ਬਠਿੰਡਾ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਸਿਰਸਾ ਰੇਲਵੇ ਲਾਈਨ ’ਤੇ ਰੇਲਵੇ ਫਾਟਕ ਨੇੜੇ ਮਿਲੀ ਹੈ। ਪਤਾ ਲੱਗਾ ਹੈ ਕਿ ਉਕਤ ਕੁੜੀ ਚਿੱਟਾ ਵੇਚਣ ਦੇ ਦੋਸ਼ਾਂ ’ਚ ਜੇਲ ’ਚ ਸੀ ਅਤੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਈ ਸੀ।

ਜਾਣਕਾਰੀ ਅਨੁਸਾਰ ਸਹਾਰਾ ਜਨਸੇਵਾ ਨੂੰ ਸੂਚਨਾ ਮਿਲੀ ਸੀ ਕਿ ਸਿਰਸਾ ਰੇਲਵੇ ਫਾਟਕ ਕੋਲ ਇਕ ਕੁੜੀ ਦੀ ਲਾਸ਼ ਪਈ ਹੈ। ਸੂਚਨਾ ਮਿਲਣ ’ਤੇ ਸਹਾਰਾ ਵਰਕਰ ਅਤੇ ਜੀ. ਆਰ. ਪੀ. ਦੇ ਏ. ਐੱਸ. ਆਈ. ਗੁਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਕੁੜੀ ਦੇ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ। ਪਹਿਲੀ ਨਜ਼ਰੇ ਇਹ ਲੱਗਦਾ ਸੀ ਕਿ ਕੁੜੀ ਦੀ ਮੌਤ ਚਿੱਟੇ ਦੇ ਟੀਕੇ ਦੀ ਓਵਰਡੋਜ਼ ਕਾਰਨ ਹੋਈ ਸੀ। ਕੁੜੀ ਦੀਆਂ ਬਾਹਾਂ ’ਤੇ ਟੀਕੇ ਦੇ ਕਾਫ਼ੀ ਨਿਸ਼ਾਨ ਸਨ।

ਜਾਂਚ ਦੌਰਾਨ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਵੀ ਉਕਤ ਕੁੜੀ ਨੂੰ ਨਹਿਰੀ ਪੁਲਸ ਨੇ ਚਿੱਟੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਜੇਲ੍ਹ ਵੀ ਜਾ ਚੁੱਕੀ ਹੈ। ਉਹ ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਈ ਸੀ। ਕੁੜੀ ਦੀ ਪਛਾਣ ਕੁਲਵਿੰਦਰ (22) ਵਾਸੀ ਬਠਿੰਡਾ ਵਜੋਂ ਹੋਈ ਹੈ। ਪੁਲਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਮ੍ਰਿਤਕ ਕੁੜੀ ਦੀ ਲਾਸ਼ ਨੂੰ ਬਠਿੰਡਾ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਥਾਣਾ ਜੀ. ਆਰ. ਪੀ. ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ |