ਡਾ. SP ਸਿੰਘ ਓਬਰਾਏ ਦਾ ਵੱਡਾ ਦਾਅਵਾ : ਫਰਜ਼ੀ ਏਜੰਟਾਂ ਕਾਰਨ 70 ਪੰਜਾਬਣਾਂ ਸਣੇ 400 ਤੋਂ ਵੱਧ ਔਰਤਾਂ UAE ‘ਚ ਫਸੀਆਂ

0
3392

ਮੌਜੂਦਾ ਸਮੇਂ ਵਿੱਚ ਫਰਜ਼ੀ ਏਜੰਟ ਬਹੁਤ ਸਾਰੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਆਸਾਨੀ ਨਾਲ ਫਸਾ ਲੈਂਦੇ ਹਨ। ਜਿਸਦੇ ਮੱਦੇਨਜ਼ਰ ਸੂਬੇ ਵਿੱਚ ਧੋਖਾਧੜੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਸੇ ਵਿਚਾਲੇ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਹੁਣ ਤੱਕ 400 ਤੋਂ ਵੱਧ ਭਾਰਤੀ ਔਰਤਾਂ, ਜਿਨ੍ਹਾਂ ਵਿੱਚ 70 ਪੰਜਾਬ ਦੀਆਂ ਹਨ, UAE ਅਤੇ ਓਮਾਨ ਵਿੱਚ ਫਸ ਗਈਆਂ ਹਨ ।

ਉਨ੍ਹਾਂ ਅੱਗੇ ਕਿਹਾ ਕਿ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨੇ ਮਸਕਟ ਵਿੱਚ ਭਾਰਤ ਦੇ ਰਾਜਦੂਤ ਅਮਿਤ ਨਾਰੰਗ ਨਾਲ ਮੁਲਾਕਾਤ ਕੀਤੀ ਸੀ ਤਾਂ ਜੋ ਦੇਸ਼ ਵਾਪਸੀ ਲਈ ਅਪਣਾਏ ਜਾਣ ਵਾਲੀਆਂ ਰੂਪ-ਰੇਖਾਵਾਂ ਬਾਰੇ ਚਰਚਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ਤੇ ਉਨ੍ਹਾਂ ਨੂੰ ਇਨ੍ਹਾਂ ਔਰਤਾਂ ਦੀ ਹਾਲਤ ਤੋਂ ਜਾਣੂ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ ਇੱਕ ਸਾਬਕਾ IFS ਅਧਿਕਾਰੀ ਹੋਣ ਦੇ ਨਾਤੇ ਸਾਰੀਆਂ ਮੁਸੀਬਤਾਂ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ । ਉਨ੍ਹਾਂ ਦੱਸਿਆ ਕਿ ਰਾਜਦੂਤ ਨਾਰੰਗ ਨੇ ਉਨ੍ਹਾਂ ਨੂੰ ਇਨ੍ਹਾਂ ਕੁੜੀਆਂ ਦੀ ਮਦਦ ਲਈ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਹੈ ।

ਇਸ ਤੋਂ ਅੱਗੇ ਓਬਰਾਏ ਨੇ ਦਾਅਵਾ ਕੀਤਾ ਕਿ ਮਰਦਾਂ ਦੇ ਗਰੁੱਪ, ਟਰੈਵਲ ਏਜੰਟਾਂ ਦਾ ਭੇਸ ਧਾਰ ਕੇ, ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਭੋਲੀਆਂ-ਭਾਲੀਆਂ ਔਰਤਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਕੁੜੀਆਂ ਨੂੰ 14 ਦਿਨਾਂ ਦੇ ਵਿਜ਼ੀਟਰ ਵੀਜ਼ੇ ‘ਤੇ UAE ਭੇਜ ਦਿੱਤਾ ਜਾਂਦਾ ਹੈ। ਇੱਕ ਵਾਰ ਜਦੋਂ 14 ਦਿਨਾਂ ਦੀ ਮਿਆਦ ਪੂਰੀ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਉੱਥੇ ਰਹਿਣਾ ਗੈਰ-ਕਾਨੂੰਨੀ ਹੋ ਜਾਂਦਾ ਹੈ । ਜਿਸ ਕਾਰਨ ਬਾਅਦ ਵਿੱਚ ਜਾਂ ਤਾਂ ਅਮੀਰਾਂ ਨੂੰ ਵੇਚ ਦਿੱਤਾ ਜਾਂਦਾ ਹੈ ਜਾਂ ਮਾਮੂਲੀ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।