ਹਰਿਆਣਾ, 14 ਫਰਵਰੀ | ਕਿਸਾਨਾਂ ਦੇ ਮਾਰਚ ਵਿਚ ਮਹਿਲਾ ਡਾਕਟਰ ਵੀ ਪਹੁੰਚ ਗਈ ਹੈ ਜੋ ਪੂਰੇ ਯੂਥ ਲਈ ਇਕ ਮਿਸਾਲ ਹੈ। ਡਾਕਰ ਹਿਨਾ ਆਪਣੀ ਥਾਰ ਗੱਡੀ ਖੁਦ ਚਲਾ ਕੇ ਜਲੰਧਰ ਤੋਂ ਸ਼ੰਭੂ ਬਾਰਡਰ ‘ਤੇ ਪਹੁੰਚੀ। ਉਸ ਦੀ ਇਕ ਲੱਤ ਵਿਚ ਦਿੱਕਤ ਹੈ ਪਰ ਫਿਰ ਵੀ ਉਹ ਇਸ ਦੀ ਪਰਵਾਹ ਨਾ ਕਰਦੇ ਹੋਏ, ਇਥੋਂ ਤੱਕ ਕਿ ਆਪਣੀ ਨੌਕਰੀ ਛੱਡ ਕੇ ਕਿਸਾਨਾਂ ਦਾ ਸਾਥ ਦੇਣ ਲਈ ਪਹੁੰਚੀ ਤੇ ਆਉਂਦੇ ਹੀ ਕਿਸਾਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਡਾ. ਹਿਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਵਿਚ ਸ਼ੁਰੂ ਤੋਂ ਹੀ ਸੇਵਾ ਦੀ ਭਾਵਨਾ ਰਹੀ ਹੈ, ਇਸ ਲਈ ਹੀ ਮੈਂ ਮੈਡੀਕਲ ਫੀਲਡ ਵਿਚ ਗਈ ਸੀ। ਮੈਂ ਸੋਸ਼ਲ ਮੀਡੀਆ ‘ਤੇ ਸਵੇਰੇ ਜਦੋਂ ਵੇਖਿਆ ਕਿ ਬਜ਼ੁਰਗ ਕਿਸਾਨਾਂ ‘ਤੇ ਪੁਲਿਸ ਕਿਸ ਤਰ੍ਹਾਂ ਜ਼ੁਲਮ ਕਰ ਰਹੀ ਹੈ ਤਾਂ ਮੈਨੂੰ ਬਹੁਤ ਤਰਸ ਆਇਆ। ਉਸ ਨੇ ਕਿਹਾ ਕਿ ਮੇਰੇ ਦਰਦ ਸੀ ਪਰ ਉਨ੍ਹਾਂ ਬਜ਼ੁਰਗਾਂ ਦੀ ਹਿੰਮਤ ਵੇਖ ਕੇ ਮੈਂ ਫਸਟ ਏਡ ਦਾ ਸਾਮਾਨ ਚੁੱਕਿਆ ਤੇ ਕਿਸਾਨਾਂ ਦਾ ਸਮਰਥਨ ਦੇਣ ਲਈ ਉਨ੍ਹਾਂ ਦੀ ਮਦਦ ਕਰਨ ਲਈ ਆਪਣੀ ਇਕ ਦੋਸਤ ਨਾਲ ਇਥੇ ਪਹੁੰਚ ਗਈ।
ਉਸ ਨੇ 30-40 ਜ਼ਖਮੀਆਂ ਜਿਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਗੈਸ ਕਰਕੇ ਤਕਲੀਫ ਸੀ, ਨੂੰ ਬਹੁਤ ਸੱਟਾਂ ਲੱਗੀਆਂ ਸਨ, ਦੀ ਮੱਲ੍ਹਮ-ਪੱਟੀ ਕੀਤੀ। ਇਕ ਬਜ਼ੁਰਗ ਦੇ ਸਿਰ ‘ਤੇ ਬਹੁਤ ਹੀ ਬਾਰੀਕ ਜਿਹੀ ਗੋਲੀ ਸੀ, ਜਿਸ ਨੂੰ ਸਰਜੀਕਲ ਬਲੇਡ ਨਾਲ ਕੱਢਣਾ ਪਿਆ ਤੇ ਇਕ ਦੀ ਅੱਖ ਵਿਚ ਗੋਲੀ ਚਲੀ ਗਈ ਸੀ। ਹਿਨਾ ਨੇ ਕਿਹਾ ਕਿ ਉਹ ਹਸਪਤਾਲ ਵਿਚ ਨੌਕਰੀ ਕਰਦੀ ਹੈ। 2 ਸਾਲ ਉਸ ਦਾ ICU ਸਟਾਫ ਦਾ ਤਜਰਬਾ ਹੈ, ਉਸ ਨੇ ਫੋਰਟਿਸ ਹਸਪਤਾਲ ਵਿਚ ਵੀ ਕੰਮ ਕੀਤਾ ਹੋਇਆ ਹੈ। ਇਸ ਵੇਲੇ ਉਹ ਜਲੰਧਰ ਵਿਚ ਡਾਈਟੀਸ਼ੀਅਨ ਵਜੋਂ ਨੌਕਰੀ ਕਰ ਰਹੀ ਹੈ ਪਰ ਕਿਸਾਨਾਂ ਦਾ ਹਾਲ ਵੇਖ ਉਸ ਨੇ ਤੁਰੰਤ ਨੌਕਰੀ ਛੱਡ ਕੇ ਇਥੇ ਆਉਣ ਦਾ ਫੈਸਲਾ ਲੈ ਲਿਆ। ਉਸ ਨੇ ਕਿਹਾ ਕਿ ਮੈਨੂੰ ਲੱਗਾ ਇਨ੍ਹਾਂ ਨੂੰ ਮੇਰੀ ਜ਼ਿਆਦਾ ਲੋੜ ਹੈ।
ਹਿਨਾ ਨੇ ਦੱਸਿਆ ਕਿ ਰਾਤ ਤੋਂ ਹੁਣ ਤੱਕ ਉਹ 100-200 ਮਰੀਜ਼ਾਂ ਨੂੰ ਫਸਟ ਏਡ ਦੇ ਚੁੱਕੀ ਹੈ। ਬਜ਼ੁਰਗਾਂ ਦਾ ਆਸ਼ੀਰਵਾਦ ਮੈਨੂੰ ਕਈ ਨੌਕਰੀਆਂ ਤੋਂ ਵੱਧ ਕੀਮਤੀ ਹੈ। ਉਸ ਨੇ ਸਾਰੇ ਨੌਜਵਾਨਾਂ ਤੇ ਮੈਡੀਕਲ ਟੀਮਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਥੇ ਆਉਣ ਦੀ ਲੋੜ ਹੈ। ਕਿਸਾਨਾਂ ਦਾ ਸਮਰਥਨ ਜ਼ਰੂਰ ਕਰੋ ਤੇ ਉਨ੍ਹਾਂ ਦੀ ਮਦਦ ਕਰੋ। ਉਸ ਨੇ ਕਿਹਾ ਕਿ ਜੇ ਇਥੇ 6 ਮਹੀਨੇ ਵੀ ਕੱਢਣੇ ਪਏ ਤਾਂ ਕੱਢਾਂਗੀ।