ਡਾ. ਭੀਮ ਰਾਓ ਅੰਬੇਡਕਰ ਮਿਊਜ਼ੀਅਮ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਸਾਬਤ ਹੋਵੇਗਾ : ਮੁੱਖ ਮੰਤਰੀ

0
2133

ਸੂਬਾ ਸਰਕਾਰ ਵੱਲੋਂ ਕਪੂਰਥਲਾ ਵਿਖੇ ਉਸਾਰੇ ਜਾਣ ਵਾਲੇ ਇਸ ਅਜਾਇਬ ਘਰ ‘ਤੇ 150 ਕਰੋੜ ਰੁਪਏ ਖਰਚੇ ਜਾਣਗੇ

ਕਪੂਰਥਲਾ | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੇ ਨਾਂ ‘ਤੇ ਕਪੂਰਥਲਾ ਵਿਖੇ ਉਸਾਰਿਆ ਜਾਣ ਵਾਲਾ ਅਤਿ-ਆਧੁਨਿਕ ਅਜਾਇਬ ਘਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਾਬਾ ਸਾਹਿਬ ਦੀ ਸ਼ਾਨਾਮਤੀ ਦੇਣ ਦਾ ਪ੍ਰਚਾਰ ਕਰਨ ਵਾਲਾ ਸਿੱਧ ਹੋਵੇਗਾ।

ਸਥਾਨਕ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਇਸ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਣ ਅਤੇ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਮੌਕੇ ਨੌਜਵਾਨਾਂ ਨੂੰ ਨੌਕਰੀ ਦੇ ਸਰਟੀਫਿਕੇਟ ਵੰਡਣ ਮਗਰੋਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਮਾਣਮੱਤੇ ਪ੍ਰਾਜੈਕਟ ‘ਤੇ 150 ਕਰੋੜ ਰੁਪਏ ਖਰਚੇ ਜਾਣਗੇ ਅਤੇ ਇਹ ਪ੍ਰਾਜੈਕਟ ਇਸ ਮਹਾਨ ਆਗੂ ਲਈ ਇਕ ਨਿਮਾਣੀ ਪਰ ਢੁੱਕਵੀ ਸ਼ਰਧਾਂਜਲੀ ਸਿੱਧ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਯਾਦਗਾਰ ਨਾਲ ਬਾਬਾ ਸਾਹਿਬ, ਜਿਨ੍ਹਾਂ ਨੇ ਗਰੀਬਾਂ ਵਿੱਚੋਂ ਅਤਿ-ਗਰੀਬ ਵਰਗ ਦੀ ਭਲਾਈ ਵਿੱਚ ਅਹਿਮ ਰੋਲ ਅਦਾ ਕੀਤਾ, ਦੇ ਜੀਵਨ ਅਤੇ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਿੱਚ ਬਹੁਤ ਮਦਦ ਮਿਲੇਗੀ। ਸ. ਚੰਨੀ ਨੇ ਅੱਗੇ ਕਿਹਾ ਕਿ ਇਹ ਮਿਊਜ਼ੀਅਮ ਡਾ. ਅੰਬੇਡਕਰ ਦੇ ਜੀਵਨ, ਕਾਰਜ ਅਤੇ ਵਿਚਾਰਧਾਰਾ ਨਾਲ ਸਬੰਧਤ ਵਿਸ਼ਿਆਂ ਦੇ ਤੱਥਾਂ ਦਾ ਇਕ ਨਿਵੇਕਲਾ ਸੁਮੇਲ ਹੋਵੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਸੁਹਜਾਤਮਕ ਢੰਗ ਨਾਲ ਡਿਜ਼ਾਈਨ ਕੀਤੇ ਜਾਣ ਵਾਲੇ ਇਸ ਮਿਊਜ਼ੀਅਮ ਦਾ ਦਾਇਰਾ 25 ਏਕੜ ਰਕਬੇ ਵਿੱਚ ਫੈਲਿਆ ਹੋਵੇਗਾ ਅਤੇ ਇਸ ਦੀ ਉਸਾਰੀ 150 ਕਰੋੜ ਰੁਪਏ ਦੇ ਨਿਵੇਸ਼ ਨਾਲ ਹੋਵੇਗੀ। ਡਾ. ਅੰਬੇਡਕਰ ਨੂੰ ਨਿੱਘੀ ਸ਼ਰਧਾਂਜਲੀ ਦਿੰਦੇ ਹੋਏ ਸ. ਚੰਨੀ ਨੇ ਉਨ੍ਹਾਂ ਨੂੰ ਇਕ ਮਹਾਨ ਵਿਦਵਾਨ, ਕਾਨੂੰਨੀ ਮਾਮਲਿਆਂ ਦੇ ਮਾਹਿਰ, ਅਰਥਸ਼ਾਸਤਰੀ, ਸਮਾਜ ਸੁਧਾਰਕ ਅਤੇ ਕੂਟਨੀਤੀਵਾਨ ਦੱਸਿਆ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਪੂਰਥਲਾ ਵਿਖੇ ਡਾ. ਬੀ. ਆਰ. ਅੰਬੇਡਕਰ ਮੈਨੇਜਮੈਂਟ ਇੰਸਟੀਚਿਊਟ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅੰਮ੍ਰਿਤਸਰ ਦੀ ਸਹਾਇਤਾ ਲਈ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਸਕੂਲ ਆਫ ਅੰਬੇਡਕਰ ਥਾਟਸ ਅਤੇ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਸੈਂਟਰ ਫਾਰ ਰਿਸਰਚ ਦੀ ਦੋਆਬਾ ਵਿਖੇ ਸਥਾਪਨਾ ਦਾ ਐਲਾਨ ਕੀਤਾ।