ਫਿਰੋਜ਼ਪੁਰ | ਸੂਬੇ ਅੰਦਰ ਵਿਆਹੁਤਾ ਔਰਤਾਂ ਨਾਲ ਆਏ ਦਿਨ ਦਾਜ ਮੰਗਣ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ। ਬੇਸ਼ੱਕ ਦੇਸ਼ ਅੰਦਰ ਔਰਤ ‘ਤੇ ਹੱਥ ਚੁੱਕਣਾ ਕਨੂੰਨੀ ਅਪਰਾਧ ਮੰਨਿਆ ਗਿਆ ਹੈ ਪਰ ਫਿਰ ਵੀ ਕੁੱਝ ਲੋਕ ਦਾਜ ਮੰਗਣ ਅਤੇ ਔਰਤ ਨਾਲ ਕੁੱਟਮਾਰ ਕਰਨ ਤੋਂ ਬਾਜ ਨਹੀਂ ਆ ਰਹੇ।
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ਤੋਂ, ਜਿਥੇ ਇੱਕ ਵਿਆਹੁਤਾ ਔਰਤ ਨਾਲ ਸਹੁਰਾ ਪਰਿਵਾਰ ਵੱਲੋਂ ਦਾਜ ਮੰਗਣ ਦੇ ਨਾਲ-ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਪੀੜਤ ਔਰਤ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ਦੀ ਰਹਿਣ ਵਾਲੀ ਸ਼ੀਨਾ ਕਾਠਪਾਲ ਵੱਲੋਂ ਇਹ ਆਰੋਪ ਲਗਾਏ ਗਏ ਹਨ ਕਿ ਉਸ ਦਾ ਸਹੁਰਾ ਪਰਿਵਾਰ ਦਾਜ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰਦਾ ਹੈ। ਜਾਣਕਾਰੀ ਦਿੰਦਿਆਂ ਪੀੜਤ ਸ਼ੀਨਾ ਕਾਠਪਾਲ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਉਸ ਦਾ ਵਿਆਹ ਸੰਦੀਪ ਕਾਠਪਾਲ ਨਾਲ ਹੋਇਆ ਸੀ ਅਤੇ ਉਸ ਦਾ ਪਤੀ ਕਮਿਸ਼ਨਰ ਆਫਿਸ ਵਿੱਚ ਕਲਰਕ ਲੱਗਾ ਹੋਇਆ ਹੈ ਅਤੇ ਉਹ ਖੁਦ ਇੱਕ ਨਿੱਜੀ ਬੈਂਕ ਵਿੱਚ ਮੈਨੇਜਰ ਦੀ ਜਾਬ ਕਰਦੀ ਹੈ ਪਰ ਉਸ ਦਾ ਸਹੁਰਾ ਪਰਿਵਾਰ ਲਗਾਤਾਰ ਦਾਜ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰ ਰਿਹਾ ਹੈ, ਜਦਕਿ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਵਿੱਚ ਆਈ 10 ਕਾਰ ਦਿੱਤੀ ਹੋਈ ਹੈ।
ਪੀੜਤ ਸ਼ੀਨਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਰਿਟਾਇਰਮੈਂਟ ਹੋਈ ਹੈ ਅਤੇ ਉਸੇ ਪੈਸੇ ਨੂੰ ਦੇਖ ਕੇ ਉਸ ਦਾ ਪਤੀ ਹੁਣ ਆਈ ਟਵੰਟੀ ਕਾਰ ਦੀ ਮੰਗ ਕਰ ਰਿਹਾ ਹੈ ਅਤੇ ਜਦ ਵੀ ਉਸ ਦੀ ਬੈਂਕ ਵਿਚੋਂ ਤਨਖਾਹ ਆਉਂਦੀ ਹੈ ਤਾਂ ਉਸ ਕੋਲੋਂ ਸਾਰੇ ਪੈਸੇ ਖੋਹ ਲਏ ਜਾਂਦੇ ਹਨ। ਜਦ ਉਹ ਇਸ ਗੱਲ ਦਾ ਵਿਰੋਧ ਕਰਦੀ ਹੈ ਤਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ।
ਜਦ ਉਹ ਆਪਣੇ ਪੇਕਿਆਂ ਨੂੰ ਦੱਸਣ ਦੀ ਗੱਲ ਕਰਦੀ ਹੈ ਤਾਂ ਉਸ ਨੂੰ ਇਹ ਧਮਕੀ ਦਿੱਤੀ ਜਾਂਦੀ ਹੈ ਕਿ ਉਹ ਕਮਿਸ਼ਨਰ ਦਫਤਰ ਵਿੱਚ ਕਲਰਕ ਲੱਗਿਆ ਹੋਇਆ ਹੈ। ਉਸ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ ਇਸੇ ਤਰ੍ਹਾਂ ਬੀਤੇ ਦਿਨ ਵੀ ਜਦ ਉਸ ਦੀ ਤਨਖਾਹ ਆਈ ਤਾਂ ਪੈਸੇ ਖੋਹ ਕੇ ਉਸ ਨਾਲ ਜਾਨਵਰਾਂ ਵਾਂਗ ਕੁੱਟਮਾਰ ਕੀਤੀ ਗਈ। ਪੀੜਤ ਸ਼ੀਨਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਦਾਜ ਦੇ ਲੋਭੀ ਸਹੁਰਾ ਪਰਿਵਾਰ ‘ਤੇ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ ਤਾਂ ਕਿ ਕੱਲ੍ਹ ਨੂੰ ਕਿਸੇ ਹੋਰ ਔਰਤ ਨਾਲ ਇਸ ਤਰ੍ਹਾਂ ਸਲੂਕ ਨਾ ਹੋਵੇ।
ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਡੀਐਸਪੀ ਡੀ ਫਤਹਿ ਸਿੰਘ ਬਰਾੜ ਨੇ ਦੱਸਿਆ ਉਨ੍ਹਾਂ ਕੋਲ ਇੱਕ ਸ਼ੀਨਾ ਕਾਠਪਾਲ ਨਾਮਕ ਦੀ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਤੀ ਅਤੇ ਬਾਕੀ ਦਾ ਸਹੁਰਾ ਪਰਿਵਾਰ ਉਸ ਨਾਲ ਦਾਜ ਨੂੰ ਲੈ-ਕੇ ਕੁੱਟਮਾਰ ਕਰਦਾ ਹੈ, ਜਿਸ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।