Court News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਕਿਸਾਨੀ ਮੁੱਦੇ ’ਤੇ ਸਰਕਾਰਾਂ ਸਿਆਸਤ ਕਰ ਰਹੀਆਂ ਹਨ ਤੇ ਇਸ ਮਾਮਲੇ ਵਿਚ ਹਾਈ ਕੋਰਟ ਤੋਂ ਹੁਕਮ ਲੈ ਕੇ ਹਾਈ ਕੋਰਟ ਦੇ ਮੋਢੇ ’ਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦੀਆਂ ਹਨ।
ਦਰਅਸਲ ਹਰਿਆਣਾ ਸਰਕਾਰ ਵਲੋਂ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਅਤੇ ਕੇਂਦਰ ਨੇ ਬੁਧਵਾਰ ਸਵੇਰੇ ਐਕਟਿੰਗ ਚੀਫ਼ ਜਸਟਿਸ ਦੀ ਬੈਂਚ ਮੁਹਰੇ ਪੇਸ਼ ਹੋ ਕੇ ਇਸ ਮਾਮਲੇ ਵਿਚ ਤੁਰੰਤ ਸੁਣਵਾਈ ਕਰਦਿਆਂ ਹਰਿਆਣਾ-ਪੰਜਾਬ ਦੀ ਸਰਹੱਦ ’ਤੇ ਪੰਜਾਬ ਵਲ ਕਿਸਾਨਾਂ ਵਲੋਂ ਲਿਆਂਦੀਆਂ ਗਈਆਂ ਪੋਕਲੇਨ ਮਸ਼ੀਨਾਂ ਤੇ ਜੇਸੀਬੀ ਮਸ਼ੀਨਾਂ ਨੂੰ ਹਟਾਉਣ ਲਈ ਢੁਕਵਾਂ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ ਤੇ ਕਿਹਾ ਸੀ ਕਿ ਹਾਲਾਤ ਵਿਗੜ ਰਹੇ ਹਨ, ਲਿਹਾਜ਼ਾ ਹਾਈਕੋਰਟ ਨੂੰ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ।
ਇਸੇ ’ਤੇ ਹਾਈ ਕੋਰਟ ਨੇ ਉਕਤ ਟਿਪਣੀ ਕਰਦਿਆਂ ਪੰਜਾਬ ਸਰਕਾਰ ਨੂੰ ਇਥੋਂ ਤਕ ਕਿਹਾ ਕਿ ਇੰਨਾ ਵੱਡਾ ਇਕੱਠ ਕਿਉਂ ਹੋਣ ਦਿਤਾ ਗਿਆ ਤੇ ਨਾਲ ਹੀ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿਤਾ। ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਬੈਂਚ ਮੁੜ ਬੈਠੀ ਤਾਂ ਪਹਿਲਾਂ ਚੱਲੀ ਆ ਰਹੀ ਪਟੀਸ਼ਨ ਦੇ ਪਟੀਸ਼ਨਰ ਵਕੀਲ ਅਰਵਿੰਦ ਸੇਠ ਅਤੇ ਤੰਵਰ ਨਾਂ ਦੇ ਇਕ ਹੋਰ ਵਿਅਕਤੀ ਨੇ ਵੀ ਬੈਂਚ ਮੁਹਰੇ ਪੇਸ਼ ਹੋ ਕੇ ਕਿਹਾ ਕਿ ਹਾਲਾਤ ਵਿਗੜਦੇ ਜਾ ਰਹੇ ਹਨ ਤੇ ਹਾਈਵੇ ਖ਼ਾਲੀ ਕਰਵਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।